Home Election 'ਆਪ' 'ਚ ਨਹੀਂ ਜਾਣਗੇ ਸਿੱਧੂ, ਕਾਂਗਰਸ ਲਈ ਹੀ ਕਰਨਗੇ 'ਬੈਟਿੰਗ' !...ਇੱਕ ਤੋਂ...

‘ਆਪ’ ‘ਚ ਨਹੀਂ ਜਾਣਗੇ ਸਿੱਧੂ, ਕਾਂਗਰਸ ਲਈ ਹੀ ਕਰਨਗੇ ‘ਬੈਟਿੰਗ’ !…ਇੱਕ ਤੋਂ ਬਾਅਦ ਇੱਕ 3 ਟਵੀਟਸ ‘ਚ ਸਾਫ਼ ਹੋਈ ਤਸਵੀਰ !!

ਬਿਓਰੋ। ਕਾਂਗਰਸ ‘ਚ ਵੱਡੀ ਜ਼ਿੰਮੇਵਾਰੀ ਮਿਲਣ ਦੀਆਂ ਚਰਚਾਵਾਂ ਵਿਚਾਲੇ ਨਵਜੋਤ ਸਿੰਘ ਸਿੱਧੂ ਦੇ ਤੇਵਰ ਹੁਣ ਥੋੜ੍ਹੇ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਹਾਲੇ ਤੱਕ ਕੈਪਟਨ ‘ਤੇ ਹਮਲਾਵਰ ਰਹਿਣ ਵਾਲੇ ਸਿੱਧੂ ਦੇ ਨਿਸ਼ਾਨੇ ‘ਤੇ ਹੁਣ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਹਨ। ਕੇਜਰੀਵਾਲ ਦੇ ਦਿੱਲੀ ਮਾਡਲ ‘ਤੇ ਸਵਾਲ ਚੁੱਕਣ ਵਾਲੇ ਸਿੱਧੂ ਨੇ ਇਸ ਵਾਰ ਭਗਵੰਤ ਮਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦੇ ਇਸ ਜਵਾਬ ਨੇ ਥੋੜ੍ਹੀ ਕਨਫਿਊਜ਼ਨ ਵੀ ਪੈਦਾ ਕਰ ਦਿੱਤੀ, ਪਰ ਇੱਕ ਤੋਂ ਬਾਅਦ ਇੱਕ ਆਏ 3 ਟਵੀਟਸ ਨੇ ਸਾਰੀ ਤਸਵੀਰ ਸਾਫ ਕਰ ਦਿੱਤੀ।

ਦਰਅਸਲ, ਭਗਵੰਤ ਮਾਨ ਨੇ ਕਾਂਗਰਸ ‘ਤੇ ਨਿੱਜੀ ਬਿਜਲੀ ਕੰਪਨੀਆਂ ਤੋਂ ਫੰਡ ਲੈਣ ਦਾ ਇਲਜ਼ਾਮ ਲਾਉਂਦੇ ਹੋਏ ਸਿੱਧੂ ਨੂੰ ਇਸ ਮੁੱਦੇ ‘ਤੇ ਟਵੀਟ ਕਰਨ ਦੀ ਚੁਣੌਤੀ ਦਿੱਤੀ ਸੀ। ਸਿੱਧੂ ਨੇ ਮਾਨ ਦੀ ਚੁਣੌਤੀ ‘ਤੇ ‘ਆਪ’ ਆਗੂਆਂ ਦੇ 5 ਸਾਲ ਪੁਰਾਣੇ ਉਹ ਬਿਆਨ ਸ਼ੇਅਰ ਕੀਤੇ, ਜਿਸ ‘ਚ ਉਹ ਸਿੱਧੂ ਦੀ ਤਾਰੀਫ਼ ਕਰਦੇ ਨਹੀਂ ਥਕਦੇ ਸਨ। ਸਿੱਧੂ ਨੇ ਆਪਣੇ ਟਵੀਟ ‘ਚ ਲਿਖਿਆ, “ਮੇਰੇ ਵਿਜ਼ਨ ਅਤੇ ਪੰਜਾਬ ਲਈ ਮੇਰੇ ਕੰਮ ਨੂੰ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਹਮੇਸ਼ਾ ਪਛਾਣਿਆ ਹੈ। 2017 ਤੋਂ ਬੇਅਦਬੀ, ਡਰੱਗਜ਼, ਕਿਸਾਨ, ਭ੍ਰਿਸ਼ਟਾਚਾਰ, ਬਿਜਲੀ ਸੰਕਟ ਦਾ ਮੁੱਦਾ ਹੋਵੇ ਜਾਂ ਫਿਰ ਅੱਜ ਮੈਂ ਜਿਸ ਪੰਜਾਬ ਮਾਡਲ ਦੀ ਗੱਲ ਕਰਦਾ ਹਾਂ, ਉਹਨਾਂ ਨੂੰ ਪਤਾ ਹੈ ਕਿ ਪੰਜਾਬ ਲਈ ਅਸਲ ਲੜਾਈ ਕੌਣ ਲੜ ਰਿਹਾ ਹੈ।”

ਸਿੱਧੂ ਦੇ ਇਸ ਟਵੀਟ ਤੋਂ ਬਾਅਦ ਸਵਾਲ ਉਠਣ ਲੱਗੇ ਹਨ ਕਿ ਉਹ ‘ਆਪ’ ਦੀ ਤਾਰੀਫ ਕਰਕੇ ਕੀ ਇਸ਼ਾਰਾ ਕਰ ਰਹੇ ਹਨ। ਹਾਲੇ ਇਹ ਸਵਾਲ ਸੁਰਖੀਆਂ ‘ਚ ਹੀ ਸੀ ਕਿ ਸਿੱਧੂ ਨੇ ਕੁਝ ਦੇਰ ਬਾਅਦ ਦੋਬਾਰਾ ਟਵੀਟ ਕੀਤਾ ਅਤੇ ਇਸ ਟਵੀਟ ‘ਚ ਸਿੱਧੂ ਹਮਲਾਵਰ ਵਿਖੇ। ਉਹਨਾਂ ਲਿਖਿਆ, “ਵਿਰੋਧੀ ਧਿਰ ਦੀ ਮੇਰੇ ਤੋਂ ਸਵਾਲ ਕਰਨ ਦੀ ਹਿੰਮਤ ਹੈ, ਪਰ ਉਹ ਮੇਰੀ ਜਨਤਾ ਪ੍ਰਤੀ ਭਾਵਨਾ ਬਾਰੇ ਕੁਝ ਕਹਿ ਨਹੀਂ ਸਕਦੇ। ਇਸਦਾ ਮਤਲਬ ਹੈ ਕਿ ਉਹਨਾਂ ਨੇ ਖੁਦ ਨੂੰ ਕਿਸਮਤ ਭਰੋਸੇ ਛੱਡ ਦਿੱਤਾ ਹੈ।”

ਸਿੱਧੂ ਨੇ ਇੱਕ ਹੋਰ ਟਵੀਟ ਕਰਕੇ ਲਗਭਗ ਇਸ ਬਾਰੇ ਤਸਵੀਰ ਸਾਫ਼ ਕਰ ਦਿੱਤੀ। ਆਪਣੇ ਤੀਜੇ ਟਵੀਟ ‘ਚ ਸਿੱਧੂ ਨੇ ਲਿਖਿਆ, “ਮੇਰੇ ਅਤੇ ਹੋਰ ਸੱਚੇ ਕਾਂਗਰਸੀਆਂ ਲਈ ਸਾਡੀ ਵਿਰੋਧੀ ਧਿਰ ਗਾ ਰਹੀ ਹੈ:- ਤੁਸੀਂ ਜੇਕਰ ‘ਆਪ’ ‘ਚ ਆਓਗੇ, ਤਾਂ ਕੋਈ ਗੱਲ ਨਹੀਂ…ਤੁਸੀਂ ਜੇਕਰ ਕਾਂਗਰਸ ‘ਚ ਰਹੋਗੇ, ਤਾਂ ਮੁਸ਼ਕਿਲ ਹੋਵੇਗੀ।”

ਦਿੱਲੀ ਮਾਡਲ ‘ਤੇ ਹਮਲਾ ਵੀ ਕਰ ਚੁੱਕੇ ਸਿੱਧੂ

ਕੁਝ ਦਿਨ ਪਹਿਲਾਂ ਹੀ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਸੀ। ਸਿੱਧੂ ਨੇ ਟਵੀਟ ਕੀਤਾ ਸੀ ਕਿ ਸੂਬੇ ਨੂੰ ਦਿੱਲੀ ਮਾਡਲ ਦੀ ਨਹੀਂ, ਬਲਕਿ ਪੰਜਾਬ ਮਾਡਲ ਦੀ ਜ਼ਰੂਰਤ ਹੈ। ਸਿੱਧੂ ਨੇ ਲਿਖਿਆ ਸੀ ਕਿ ਦਿੱਲੀ ਆਪਣੀ ਬਿਜਲੀ ਖੁਦ ਪੈਦਾ ਨਹੀਂ ਕਰਦੀ ਅਤੇ ਇਸਦੀ ਵੰਡ ਰਿਲਾਇੰਸ ਅਤੇ ਟਾਟਾ ਦੇ ਹੱਥਾਂ ‘ਚ ਹੈ, ਜਦਕਿ ਪੰਜਾਬ ਆਪਣੀ 25 ਫੀਸਦ ਬਿਜਲੀ ਖੁਦ ਪੈਦਾ ਕਰਦਾ ਹੈ ਅਤੇ ਬਿਜਲੀ ਪੂਰਤੀ ਪਾਵਰਕਾਮ ਜ਼ਰੀਏ ਕਰਕੇ ਹਜ਼ਾਰਾਂ ਲੋਕਾਂ ਨੁੂੰ ਰੁਜ਼ਗਾਰ ਵੀ ਦਿੰਦਾ ਹੈ।

ਕਾਂਗਰਸ ‘ਚ ਹਾਲੇ ਵੀ ਸਸਪੈਂਸ ਬਰਕਰਾਰ

ਕਾਂਗਰਸ ‘ਚ ਸਿੱਧੂ ਦੀ ਭੂਮਿਕਾ ਨੂੰ ਲੈ ਕੇ ਹਾਲੇ ਤੱਕ ਸਸਪੈਂਸ ਖ਼ਤਮ ਨਹੀਂ ਹੋਇਆ। ਕਦੇ ਉਹਨਾਂ ਦੇ ਡਿਪਟੀ ਸੀਐੱਮ, ਤਾਂ ਕਦੇ ਸੂਬਾ ਪ੍ਰਧਾਨ ਬਣਨ ਦੀਆਂ ਚਰਚਾਵਾਂ ਗਰਮ ਹਨ। ਪਰ ਫ਼ੈਸਲੇ ‘ਚ ਹੋ ਰਹੀ ਦੇਰੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਇਸੇ ਵਿਚਾਲੇ ਸਿੱਧੂ ਦੇ ਇਹਨਾਂ ਟਵੀਟਸ ਤੋਂ ਨਵੇਂ ਸਿਆਸੀ ਸਮੀਕਰਨਾਂ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments