October 12, 2022
(Chandigarh)
ਅਕਤੂਬਰ 2015 ਦੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ADGP ਐੱਲ.ਕੇ. ਯਾਦਵ ਦੀ ਅਗਵਾਈ ਵਾਲੀ SIT ਨੇ ਬੁੱਧਵਾਰ ਨੂੰ ਪੰਜਾਬ ਦੇ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਗਿੱਛ ਕੀਤੀ। ਸਿਹਤ ਕਾਰਨਾਂ ਦੇ ਚਲਦੇ SIT ਦੀ ਟੀਮ ਨੇ ਬਾਦਲ ਤੋਂ ਉਹਨਾਂ ਦੇ ਘਰ ਪਹੁੰਚ ਕੇ ਹੀ ਸਵਾਲ-ਜਵਾਬ ਕੀਤੇ। SIT ਨੇ ਕਰੀਬ 3 ਘੰਟੇ ਤੱਕ ਬਾਦਲ ਤੋਂ ਪੁੱਛਗਿੱਛ ਕੀਤੀ।
SIT ਦੇ ਮੈਂਬਰ ਸਵੇਰੇ 11 ਵਜੇ ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪਹੁੰਚੇ ਅਤੇ ਕਰੀਬ 2 ਵਜੇ ਟੀਮ ਉਹਨਾਂ ਦੇ ਘਰ ਤੋਂ ਰਵਾਨਾ ਹੋਈ।
ਜਾਣਕਾਰੀ ਮੁਤਾਬਕ, SIT ਨੇ ਘਟਨਾ ਦੇ ਬਾਰੇ ਸਾਬਕਾ ਸੀਐੱਮ ਨੂੰ ਕਈ ਸਵਾਲ ਕੀਤੇ। ਬਾਦਲ ਨੂੰ ਪੁੱਛਿਆ ਗਿਆ ਕਿ ਘਟਨਾ ਦੇ ਵਕਤ ਉਹਨਾਂ ਦੀ ਕਿਹਨਾਂ ਅਧਿਕਾਰੀਆਂ ਨਾਲ ਕੀ ਗੱਲਬਾਤ ਹੋਈ। ਸੂਤਰਾਂ ਮੁਤਾਬਕ, SIT ਨੇ ਪੁੱਛਿਆ ਕਿ ਗੋਲੀ ਚਲਾਉਣ ਦੇ ਆਦੇਸ਼ ਕਿਸਨੇ ਦਿੱਤੇ ਸਨ।
ਜਿੰਨੇ ਸਵਾਲ ਪੁੱਛੇ ਉਹਨਾਂ ਦਾ ਜਵਾਬ ਦਿੱਤਾ- SAD
ਅਕਾਲੀ ਦਲ ਮੁਤਾਬਕ, SIT ਨੇ ਜਿੰਨੇ ਵੀ ਸਵਾਲ ਪੁੱਛੇ, ਉਹਨਾਂ ਨੇ ਸਾਰਿਆਂ ਦੇ ਜਵਾਬ ਦਿੱਤੇ ਅਤੇ SIT ਨੂੰ ਕਿਹਾ, “ਮੈਂ ਵੀ ਚਾਹੁੰਦਾ ਹਾਂ ਕਿ ਜਲਦੀ ਸੱਚ ਸਾਹਮਣੇ ਆਵੇ ਅਤੇ ਇਨਸਾਫ਼ ਮਿਲੇ। ਅੱਜ ਵੀ ਤਬੀਅਤ ਠੀਕ ਨਹੀਂ ਸੀ, ਪਰ ਫਿਰ ਵੀ SIT ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਜੇਕਰ SIT ਨੂੰ ਅੱਗੇ ਵੀ ਜ਼ਰੂਰਤ ਪਈ, ਤਾਂ SIT ਦੇ ਸਾਹਮਣੇ ਪੇਸ਼ ਹੋਵਾਂਗਾ। ਮੈਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੈ।”
ਪਹਿਲਾਂ ਸੁਖਬੀਰ ਤੋਂ ਹੋ ਚੁੱਕੀ ਹੈ ਪੁੱਛਗਿੱਛ
ਇਸ ਤੋਂ ਪਹਿਲਾਂ SIT ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਸੀ। ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ 6 ਮਹੀਨਿਆਂ ‘ਚ ਇਹ ਪਹਿਲਾ ਮੌਕਾ ਹੈ, ਜਦੋਂ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ।
ਇੱਕ ਦਿਨ ਪਹਿਲਾਂ ਘਟਨਾ ਵਾਲੀ ਥਾਂ ‘ਤੇ ਪਹੁੰਚੀ ਸੀ SIT
SIT ਨੇ ਮੰਗਲਵਾਰ ਨੂੰ ਕੋਟਕਪੂਰਾ ਦੇ ਮੁੱਖ ਚੌਂਕ ‘ਤੇ ਜਾ ਕੇ ਘਟਨਾ ਵਾਲੀ ਥਾਂ ਦਾ ਮੁੜ ਜਾਇਜ਼ਾ ਲਿਆ ਸੀ। ਇਸ ਦੌਰਾਨ SIT ਦੇ ਮੈਂਬਰ ਅਤੇ ਮੋਗਾ ਦੇ SSP ਗੁਲਨੀਤ ਸਿੰਘ ਖੁਰਾਨਾ ਨੇ ਗਵਾਹਾਂ ਤੋਂ ਜਾਣਕਾਰੀ ਹਾਸਲ ਕੀਤੀ ਸੀ।
ਕਾਂਗਰਸ ਸਰਕਾਰ ਵਾਲੀ SIT ਹੀ ਕਰ ਰਹੀ ਜਾਂਚ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ IG ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਰਿਪੋਰਟ ਨੂੰ ਰੱਦ ਕਰਦੇ ਹੋਏ ਸਰਕਾਰ ਨੂੰ ਨਵੀਂ SIT ਗਠਿਤ ਕਰਨ ਦਾ ਆਦੇਸ਼ ਦਿੱਤਾ ਸੀ। ਉਸ ਵਕਤ ਤਤਕਾਲੀ ਕਾਂਗਰਸ ਸਰਕਾਰ ਨੇ ADGP ਐੱਲ.ਕੇ. ਯਾਦਵ ਦੀ ਅਗਵਾਈ ਵਿੱਚ SIT ਦਾ ਗਠਨ ਕੀਤਾ ਸੀ, ਜੋ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।