ਨਵਾਂਸ਼ਹਿਰ। ਨਵਾਂਸ਼ਹਿਰ ਪੁਲਿਸ ਨੇ ਅਹਿਮ ਕਾਮਯਾਬੀ ਹਾਸਲ ਕਰਦੇ ਹੋਏ ਗੈਂਗਸਟਰ ਤੇਜਾ ਦੇ 4 ਸਾਥੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਪਿਸਤੌਲਾਂ ਸਣੇ 8 ਮੈਗਜ਼ੀਨ ਅਤੇ 48 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਹਨ।
ਪੁਲਿਸ ਮੁਤਾਬਕ, ਬੀਤੇ ਦਿਨੀਂ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ ‘ਚ ਸਿਟੀ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ 3 ਮੁਲਜ਼ਮਾਂ ਨੂੰ 3 ਪਿਸਤੌਲਾਂ, 6 ਮੈਗਜ਼ੀਨ ਅਤੇ 33 ਰੌਂਦ ਸਣੇ ਕਾਬੂ ਕੀਤਾ ਗਿਆ। ਇਹਨਾਂ ਮੁਲਜ਼ਮਾਂ ਤੋਂ ਪੁੱਛਗਿੱਛ ‘ਚ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਅਸਲਾ ਲੁਧਿਆਣਾ ਜੇਲ੍ਹ ‘ਚ ਬੰਦ ਬਲਵੀਰ ਸਿੰਘ ਵੱਲੋਂ ਇਹਨਾਂ ਨੂੰ ਮੁਹੱਈਆ ਕਰਵਾਇਆ ਗਿਆ ਸੀ। ਬਲਵੀਰ ਸਿੰਘ ਨੂੰ ਪ੍ਰੋਟਕਸ਼ਨ ਵਾਰੰਟ ‘ਤੇ ਲਏ ਜਾਣ ਤੋਂ ਬਾਅਦ ਪੁਲਿਸ ਨੂੰ ਉਸ ਕੋਲੋਂ ਵੀ 1 ਪਿਸਤੌਲ, 2 ਮੈਗਜ਼ੀਨ ਅਤੇ 15 ਜ਼ਿੰਦਾ ਰੌਂਦ ਬਰਾਮਦ ਹੋਏ ਹਨ।
ਨਵਾਂਸ਼ਹਿਰ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਚਾਰੇ ਮੁਲਜ਼ਮਾਂ ਨੂੰ ਹਥਿਆਰ ਪਹੁੰਚਾਉਣ ਵਾਲਾ ਗੈਂਗਸਟਰ ਤੇਜਾ ਹੀ ਹੈ, ਜੋ ਬਠਿੰਡਾ ਜੇਲ੍ਹ ਅੰਦਰ ਬੰਦ ਹੋਣ ਦੇ ਬਾਵਜੂਦ ਬਾਹਰ ਆਪਣਾ ਸੈੱਲ ਮਜਬੂਤ ਕਰਨ ‘ਚ ਲੱਗਿਆ ਹੈ। ਹੁਣ ਨਵਾਂਸ਼ਹਿਰ ਪੁਲਿਸ ਤੇਜਾ ਨੂੰ ਪ੍ਰੋਟਕਸ਼ਨ ਵਾਰੰਟ ‘ਤੇ ਲੈ ਕੇ ਪੁੱਛਗਿੱਛ ਕਰਨ ਦੀ ਤਿਆਰੀ ‘ਚ ਹੈ।