December 11, 2022
(Chandigarh)
ਕੋਟਕਪੂਰਾ ਗੋਲੀ ਕਾਂਡ ‘ਚ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੜ ਤਲਬ ਕੀਤਾ ਗਿਆ ਹੈ। SIT ਨੇ ਭਲਕੇ 11 ਵਜੇ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਹੈ। ADGP ਐੱਲ.ਕੇ. ਯਾਦਵ ਦੀ ਅਗਵਾਈ ਵਾਲੀ SIT ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕਰੇਗੀ।
ਸੁਖਬੀਰ ਤੋਂ ਪਹਿਲਾਂ ਵੀ ਹੋ ਚੁੱਕੀ ਹੈ ਪੁੱਛਗਿੱਛ
ਇਸ ਤੋਂ ਪਹਿਲਾਂ ਬਹਿਬਲ ਕਲਾੰ ਗੋਲੀ ਕਾੰਡ ਦੀ ਜਾੰਚ ਕਰ ਰਹੀ SIT ਨੇ 6 ਸਤੰਬਰ ਨੂੰ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਸੀ। ਸੁਖਬੀਰ ਤੋਂ ਕਰੀਬ 3 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਸੀ। ਇਸ ਤੋਂ ਇੱਕ ਹਫ਼ਤੇ ਬਾਅਦ 14 ਸਤੰਬਰ ਨੂੰ ਕੋਟਕਪੂਰਾ ਗੋਲੀ ਕਾਂਡ ‘ਚ ਸੁਖਬੀਰ ਬਾਦਲ ਤੋਂ ਕਰੀਬ 6 ਘੰਟੇ ਤੱਕ ਸਵਾਲ-ਜਵਾਬ ਹੋਏ ਸਨ।
ਸੀਨੀਅਰ ਬਾਦਲ ਤੋਂ ਵੀ ਹੋਏ ਸਵਾਲ-ਜਵਾਬ
ਕੋਟਕਪੂਰਾ ਗੋਲੀ ਕਾਂਡ ‘ਚ SIT ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛ-ਪੜਤਾਲ ਕਰ ਚੁੱਕੀ ਹੈ। 12 ਅਕਤੂਬਰ ਨੂੰ SIT ਨੇ ਸੀਨੀਅਰ ਬਾਦਲ ਦੇ ਘਰ ਪਹੁੰਚ ਕੇ ਉਹਨਾਂ ਤੋਂ ਸਵਾਲ-ਜਵਾਬ ਕੀਤੇ ਸਨ। ਕਰੀਬ 4 ਘੰਟੇ ਦੀ ਪੁੱਛਗਿੱਛ ਦੌਰਾਨ ਜਾਂਚ ਟੀਮ ਨੇ ਮਾਮਲੇ ਨਾਲ ਸਬੰਧਤ ਕਈ ਸਵਾਲ ਉਹਨਾਂ ਨੂੰ ਪੁੱਛੇ ਸਨ।
ਦਰਅਸਲ, ਬੇਅਦਬੀ ਅਤੇ ਗੋਲੀ ਕਾੰਡ ਦੇ ਵਕਤ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਸਨ। ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸਨ ਅਤੇ ਗ੍ਰਹਿ ਵਿਭਾਗ ਦਾ ਜ਼ਿੰਮਾ ਵੀ ਉਹਨਾੰ ਦੇ ਕੋਲ ਸੀ। ਇਸ ਲਈ SIT ਵੱਲੋੰ ਵਾਰ-ਵਾਰ ਦੋਵਾਂ ਨੂੰ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਗੋਲੀਆੰ ਚਲਾਉਣ ਦੇ ਆਦੇਸ਼ ਕਿਸਨੇ ਦਿੱਤੇ ਸਨ।