Home Corona ਸੁਖਬੀਰ ਬਾਦਲ ਦਾ ਵੱਡਾ ਇਲਜ਼ਾਮ...ਕੋਰੋਨਾ ਵੈਕਸੀਨ ਦੀ ਕਿੱਲਤ ਦੇ ਨਾੰਅ 'ਤੇ ਘੁਟਾਲਾ...

ਸੁਖਬੀਰ ਬਾਦਲ ਦਾ ਵੱਡਾ ਇਲਜ਼ਾਮ…ਕੋਰੋਨਾ ਵੈਕਸੀਨ ਦੀ ਕਿੱਲਤ ਦੇ ਨਾੰਅ ‘ਤੇ ਘੁਟਾਲਾ ਕਰ ਰਹੀ ਕੈਪਟਨ ਸਰਕਾਰ

ਚੰਡੀਗੜ੍ਹ। ਕੋਰੋਨਾ ਵਰਗੀ ਗੰਭੀਰ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਦੇਸ਼ ਭਰ ‘ਚ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ, ਪਰ ਲਗਾਤਾਰ ਦੇਸ਼ ਦੇ ਕਈ ਹਿੱਸਿਆਂ ਤੋਂ ਸਾਹਮਣੇ ਆ ਰਹੀਆਂ ਵੈਕਸੀਨ ਦੀ ਕਿੱਲਤ ਦੀਆਂ ਖ਼ਬਰਾਂ ਨੂੰ ਲੈ ਕੇ ਸਿਆਸਤ ਪੂਰੇ ਸਿਖਰਾਂ ‘ਤੇ ਹੈ। ਇਸ ਸਭ ਦੇ ਵਿਚਾਲੇ ਪੰਜਾਬ ‘ਚ ਵੈਕਸੀਨ ਸ਼ੋਰਟੇਜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਸੁਖਬੀਰ ਬਾਦਲ ਨੇ ਇੱਕ ਵੱਡੇ ਘੁਟਾਲੇ ਦੇ ਖਦਸ਼ੇ ਵੱਲ ਇਸ਼ਾਰਾ ਕੀਤਾ ਹੈ।

ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਮੋਟੀਆਂ ਕਮਾਈਆਂ ਕਰ ਕੇ ਕੋਰੋਨਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਬਣਾਉਟੀ ਘਾਟ ਪੈਦਾ ਕੀਤੀ ਜਾ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਵੈਕਸੀਨ 400 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਖਰੀਦ ਕੇ ਨਿੱਜੀ ਹਸਪਤਾਲਾਂ ਨੂੰ 1060 ਰੁਪਏ ‘ਚ ਵੇਚੀ ਜਾ ਰਹੀ ਹੈ, ਜੋ ਆਮ ਆਦਮੀ ਨੂੰ 1560 ਰੁਪਏ ‘ਚ ਮਿਲ ਰਹੀ ਹੈ। ਉਹਨਾਂ ਕਿਹਾ ਕਿ ਇਹ ਸਾਰਾ ਮਾਮਲਾ ਆਪਣੇ ਆਪ ਵਿੱਚ ਵੱਡਾ ਘੁਟਾਲਾ ਹੈ। ਸੁਖਬੀਰ ਬਾਦਲ ਨੇ ਇਸ ਸਾਰੇ ਮਾਮਲੇ ਦੀ ਜਾਂਚ ਹਾਈਕੋਰਟ ਦੀ ਨਿਗਰਾਨੀ ਹੇਠ ਕੀਤੇ ਜਾਣ ਦੀ ਮੰਗ ਕੀਤੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੀ ਹੈ। ਉਹਨਾਂ ਕਿਹਾ, “ਆਮ ਆਦਮੀ ਲਈ ਆਈਆਂ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਭੇਜੇ ਜਾਣ ਦੇ ਮਾਮਲੇ ਲਈ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕਰਨਾ ਚਾਹੀਦਾ ਹੈ। ਉਹਨਾਂ ਨੇ ਸੂਬੇ ਦੇ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਲੋਕਾਂ ਨੁੰ ਵਧੇ ਹੋਏ ਰੇਟਾਂ ‘ਤੇ 2 ਪ੍ਰਾਈਵੇਟ ਹਸਪਤਾਲਾਂ ਵਿੱਚ ਵੈਕਸੀਨ ਲਗਵਾਉਣ ਲਈ ਟਵੀਟ ਕਰ ਕੇ ਇਹਨਾਂ ਪ੍ਰਾਈਵੇਟ ਹਸਪਤਾਲਾਂ ਦੇ ਮਾਰਕੀਟਿੰਗ ਡਾਇਰੈਕਟਰ ਦੀ ਭੂਮਿਕਾ ਵਿਚ ਆਉਣ ਦੀ ਵੀ ਨਿਖੇਧੀ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਘੁਟਾਲੇ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਵੀ ਬੇਨਕਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਮੰਗ ਕੀਤੀ ਸੀ ਕਿ ਸਭ ਨੂੰ ਕੋਰੋਨਾ ਵੈਕਸੀਨ ਮੁਫਤ ਲੱਗਣੀ ਚਾਹੀਦੀ ਹੈ। ਉਹਨਾਂ ਕਿਹਾ, “ਹੁਣ ਰਾਹੁਲ ਗਾਂਧੀ ਲੋਕਾਂ ਨੂੰ ਦੱਸਣ, ਕੀ ਉਹ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਨੂੰ 1560 ਰੁਪਏ ਪ੍ਰਤੀ ਵੈਕਸੀਨ ਡੋਜ਼ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਦੀ ਹਮਾਇਤ ਕਰਦੇ ਹਨ ?”

 

ਬਾਦਲ ਨੈ ਕਿਹਾ ਕਿ ਕਾਂਗਰਸ ਸਰਕਾਰ ਵੈਕਸੀਨ ਦੀ ਵਿਕਰੀ ਤੋਂ ਮੁਨਾਫਾ ਕਮਾਉਣ ਕਰ ਕੇ ਇਖਲਾਕੀ ਤੌਰ ’ਤੇ ਗਲਤ ਹੈ। ਉਹਨਾਂ ਕਿਹਾ ਕਿ ਸਰਕਾਰ ਆਰਥਿਕ ਸੰਕਟ ਵੇਲੇ ਲੋਕਾਂ ਨੂੰ ਪ੍ਰਤੀ ਡੋਜ਼ 1560 ਰੁਪਏ ਖਰਚਣ ਵਾਸਤੇ ਮਜਬੂਰ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਵੈਕਸੀਨ ਵੰਡ ਦਾ ਨਿਗਮੀਕਰਨ ਕਰਕੇ ਲੋਕ ਭਲਾਈ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਆਮ ਆਦਮੀ ਦੇ ਖਿਲਾਫ ਇਹ ਵਿਤਕਰਾ ਤੁਰੰਤ ਬੰਦ ਕਰੇ। ਉਹਨਾਂ ਕਿਹਾ ਕਿ ਜੇਕਰ ਵੈਕਸੀਨ ਵੰਡ ਦਾ ਇਹ ਨਿਗਮੀਕਰਨ ਬੰਦ ਨਾ ਕੀਤਾ ਤਾਂ ਫਿਰ ਅਕਾਲੀ ਦਲ ਇਨਸਾਫ ਲੈਣ ਵਾਸਤੇ ਅਦਾਲਤ ਦਾ ਬੂਹਾ ਖੜਕਾਏਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸੂਬੇ ਵਿੱਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments