ਬਿਓਰੋ। ਦਿੱਲੀ ‘ਚ ਜੂਨੀਅਰ ਗੋਲਡ ਮੈਡਲਿਸਟ ਭਲਵਾਨ ਸਾਗਰ ਧਨਖੜ ਦੇ ਕਤਲ ਮਾਮਲੇ ‘ਚ ਫਰਾਰ ਚੱਲ ਰਹੇ ਓਲੰਪਿਕ ਮੈਡਲਿਸਟ ਭਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਟ੍ਰੇਸ ਕਰ ਲਿਆ ਹੈ। ਪੁਲਿਸ ਨੂੰ ਸੁਸ਼ੀਲ ਕੁਮਾਰ ਦੀ ਲੋਕੇਸ਼ਨ ਬਠਿੰਡਾ ‘ਚ ਮਿਲੀ ਹੈ, ਜਿਸ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਉਹਨਾਂ ਦੀ ਭਾਲ ‘ਚ ਬਠਿੰਡਾ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ, ਸੁਸ਼ੀਲ ਆਪਣੇ ਮਮੇਰੇ ਭਰਾ ਦੇ ਨਾਂਅ ‘ਤੇ ਜਾਰੀ ਸਿਮ ਇਸਤੇਮਾਲ ਕਰ ਰਹੇ ਹਨ।
ਪਹਿਲਾਂ ਯੂਪੀ-ਉੱਤਰਾਖੰਡ ‘ਚ ਲਈ ਪਨਾਹ !
ਬਠਿੰਡਾ ‘ਚ ਲੋਕੇਸ਼ਨ ਮਿਲਣ ਤੋਂ ਪਹਿਲਾਂ ਸੁਸ਼ੀਲ ਕੁਮਾਰ ਦੀ ਇੱਕ CCTV ਫੁਟੇਜ ਵੀ ਸਾਹਮਣੇ ਆਈ ਸੀ। ਇਸ ‘ਚ ਸੁਸ਼ੀਲ ਕਾਰ ‘ਚ ਕਿਸੇ ਹੋਰ ਸ਼ਖਸ ਨਾਲ ਬੈਠੇ ਹੋੇਏ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਫੁਟੇਜ ਮੇਰਠ ਟੋਲ ਪਲਾਜ਼ਾ ਦੀ ਹੈ, ਜਦੋਂ ਘਟਨਾ ਤੋਂ ਬਾਅਦ ਉਹ ਉੱਤਰਾਖੰਡ ਵੱਲ ਜਾ ਰਹੇ ਸਨ।
ਸੁਸ਼ੀਲ ‘ਤੇ ਇੱਕ ਲੱਖ ਰੁਪਏ ਦਾ ਇਨਾਮ
ਮਰਡਰ ਕੇਸ ‘ਚ ਫਰਾਰ ਚੱਲ ਰਹੇ ਸੁਸ਼ੀਲ ਕੁਮਾਰ ‘ਤੇ ਦਿੱਲੀ ਪੁਲਿਸ ਨੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ। ਇਸਦੇ ਨਾਲ ਹੀ ਉਹਨਾਂ ਦੇ PA ਅਜੇ ਦੀ ਸੂਚਨਾ ਦੇਣ ‘ਤੇ ਵੀ 50 ਹਜ਼ਾਰ ਰੁਪਏ ਦਾ ਇਨਾਮ ਹੈ। ਸੁਸ਼ੀਲ ਅਤੇ ਅਜੇ ਤੋਂ ਇਲਾਵਾ ਹੋਰ ਮੁਲਜ਼ਮਾਂ ਦੇ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ ?
4 ਮਈ ਨੂੰ ਰਾਤ 1.15 ਤੋਂ 1.30 ਵਜੇ ਵਿਚਕਾਰ ਦਿੱਲੀ ਦੇ ਛੱਤਰਸਾਲ ਸਟੇਡੀਅਮ ਦੇ ਪਾਰਕਿੰਗ ਏਰੀਆ ‘ਚ 2 ਭਲਵਾਨ ਗਰੁੱਪਾਂ ‘ਚ ਝੜੱਪ ਹੋਈ ਸੀ। ਇਸ ਦੌਰਾਨ ਫ਼ਾਇਰਿੰਗ ਵੀ ਹੋਈ। ਇਸ ‘ਚ 5 ਭਲਵਾਨ ਜ਼ਖਮੀ ਹੋ ਗਏ। ਜ਼ਖਮੀ ਭਲਵਾਨਾਂ ‘ਚੋਂ ਸਾਗਰ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਹ ਦਿੱਲੀ ਪੁਲਿਸ ‘ਚ ਹੈੱਡ ਕਾਂਸਟੇਬਲ ਦਾ ਪੁੱਤਰ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹੋਇਆ ਸੀ। ਇਲਜ਼ਾਮ ਹੈ ਕਿ ਸਾਗਰ ਅਤੇ ਉਸਦੇ ਦੋਸਤ ਜਿਸ ਘਰ ‘ਚ ਰਹਿੰਦੇ ਸਨ, ਸੁਸ਼ੀਲ ਉਸ ਨੂੰ ਖਾਲੀ ਕਰਨ ਦਾ ਦਬਾਅ ਬਣਾ ਰਹੇ ਸਨ।