ਚੰਡੀਗੜ੍ਹ। ਸਕੂਲ ਅਧਿਆਪਕਾਂ ਨੂੰ ਆਪਸੀ ਬਦਲੀਆਂ ਕਰਵਾਉਣ ਦੇ ਸਬੰਧ ਵਿੱਚ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਉਨ੍ਹਾਂ ਨੂੰ ਇੱਕ ਹੋਰ ਮੌਕਾ ਦਿੱਤਾ ਹੈ। ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਆਪਣਾ ਬਿਨੇਪੱਤਰ ਈ-ਪੰਜਾਬ ਪੋਰਟਲ ’ਤੇ 28 ਅਪ੍ਰੈਲ ਤੱਕ ਅਪਲੋਡ ਕਰਨ ਲਈ ਆਖਿਆ ਹੈ।
ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਹਾਲ ਹੀ ਵਿੱਚ ਭਰਤੀ ਹੋਏ 3582 ਅਧਿਆਪਕਾਂ ਨੂੰ ਆਪਸੀ ਬਦਲੀ ਕਰਵਾਉਣ ਦੀ ਛੋਟ ਦਿੱਤੀ ਗਈ ਹੈ। ਬੁਲਾਰੇ ਅਨੁਸਾਰ ਅੰਤਰ ਜ਼ਿਲ੍ਹਾ ਐਡਜਸਟਮੈਂਟ ਦੇ ਲਈ ਦੋਵੇਂ ਉਮੀਦਵਾਰ ਇੱਕ ਹੀ ਕੈਟਾਗਰੀ ਦੇ ਹੋਣੇ ਚਾਹੀਦੇ ਹਨ, ਜਦਕਿ ਜ਼ਿਲ੍ਹੇ ਅੰਦਰ ਆਪਸੀ ਐਡਸਟਮੈਂਟ ਕਰਵਾਉਣ ਵਾਲੇ ਦੋਵੇਂ ਉਮੀਦਵਾਰ ਵੱਖਰੀ ਵੱਖਰੀ ਕੈਟਾਗਰੀ ਦੇ ਹੋ ਸਕਦੇ ਹਨ।
ਇਸ ਦੇ ਨਾਲ ਹੀ ਵਿਭਾਗ ਦੇ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਕੁਝ ਅਧਿਆਪਕ, ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਬਦਲੀ ਦੀਆਂ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਆਪਸੀ ਬਦਲੀ ਲਈ ਅਪਲਾਈ ਨਹੀਂ ਕਰ ਸਕੇ। ਇਸ ਕਰਕੇ ਬਦਲੀ ਕਰਵਾਉਣ ਦੇ ਚਾਹਵਾਨ ਨਵੇਂ ਭਰਤੀ ਹੋਏ 3582 ਅਧਿਆਪਕਾਂ, ਸਿੱਧੀ ਭਰਤੀ ਰਾਹੀਂ ਭਰਤੀ ਹੋਏ ਹੈੱਡ ਟੀਚਰਜ਼ ਅਤੇ ਸੈਂਟਰ ਹੈੱਡ ਟੀਚਰਜ਼ ਨੂੰ 28 ਅਪ੍ਰੈਲ ਤੱਕ ਈ-ਪੰਜਾਬ ਪੋਰਟਲ ’ਤੇ ਆਪਣੀ ਆਪਣੀ ਆਮ ਜਾਣਕਾਰੀ, ਸਰਵਿਸ ਰਿਕਾਰਡ, ਨਤੀਜੇ ਆਦਿ ਅਪਲੋਡ ਕਰਨ ਵਾਸਤੇ ਸਮਾਂ ਦਿੱਤਾ ਹੈ।
ਬੁਲਾਰੇ ਅਨੁਸਾਰ ਇਨ੍ਹਾਂ ਉਪਰੋਕਤ ਅਧਿਆਪਕਾਂ ਤੋਂ ਇਲਾਵਾ ਅਧਿਆਪਕ ਤਬਾਦਲਾ ਨੀਤੀ 2019 ਹੇਠ ਬਦਲੀ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਚਾਹਵਾਨ ਅਧਿਆਪਕ ਵੀ 28 ਅਪ੍ਰੈਲ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਹ ਸਾਰੀਆਂ ਬੇਨਤੀਆਂ ਕੇਵਲ ਆਪਸੀ ਬਦਲੀ ਲਈ ਹੀ ਪ੍ਰਾਪਤ ਕੀਤੀਆਂ ਜਾਣਗੀਆਂ।