Home Election ਕੈਪਟਨ ਦੀ ਅਗਵਾਈ 'ਤੇ ਸਵਾਲ, ਕੀ ਸਿੱਧੂ ਨੂੰ ਹੋਵੇਗਾ ਇਸਦਾ 'ਮਲਾਲ' ?

ਕੈਪਟਨ ਦੀ ਅਗਵਾਈ ‘ਤੇ ਸਵਾਲ, ਕੀ ਸਿੱਧੂ ਨੂੰ ਹੋਵੇਗਾ ਇਸਦਾ ‘ਮਲਾਲ’ ?

ਨਿਊਜ਼ ਡੈਸਕ। 5 ਸਾਲ ਪਹਿਲਾਂ ਇੱਕ ਬਗਾਵਤ ਬੀਜੇਪੀ ‘ਚ ਛਿੜੀ ਸੀ, ਤੇ ਹੁਣ 5 ਸਾਲਾਂ ਬਾਅਦ ਕਾਂਗਰਸ ‘ਚ। ਬਗਾਵਤ ਛੇੜਨ ਵਾਲਾ ਚਿਹਰਾ ਉਸ ਵੇਲੇ ਵੀ ਓਹੀ ਸੀ, ਜੋ ਅੱਜ ਹੈ। ਨਾੰਅ ਹੈ ਨਵਜੋਤ ਸਿੰਘ ਸਿੱਧੂ। ਉਸ ਵੇਲੇ ਵੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮਹਿਜ਼ 8-9 ਮਹੀਨਿਆਂ ਦਾ ਸਮਾਂ ਬਾਕੀ ਸੀ ਤੇ ਹੁਣ ਵੀ। ਪਰ ਅੱਜ ਦੇ ਸਿਆਸੀ ਸਮੀਕਰਨ ਥੋੜ੍ਹੇ ਵੱਖਰੇ ਹਨ। ਉਸ ਵੇਲੇ ਸਿੱਧੂ ਨੇ ਪੰਜਾਬ ਤੋਂ ਦੂਰ ਨਾ ਜਾਣ ਲਈ ਖੁਦ ਬੀਜੇਪੀ ਛੱਡੀ ਸੀ ਅਤੇ ਅੱਜ ਪੰਜਾਬ ਦੇ ਇੱਕ ਅਹਿਮ ਮੁੱਦੇ ਨੂੰ ਲੈ ਕੇ ਸ਼ਾਇਦ ਕਾਂਗਰਸ ਛੱਡਣ ਦੀ ਵੀ ਤਿਆਰੀ ਕਰ ਰਹੇ ਹਨ।

ਹਾਲਾਂਕਿ ਸਿੱਧੂ ਪਿਛਲੇ ਕਰੀਬ 2 ਸਾਲਾਂ ਤੋਂ ਆਪਣੀ ਸਰਕਾਰ ਤੋਂ ਖਫ਼ਾ ਚੱਲ ਰਹੇ ਹਨ, ਪਰ ਕਿਉਂਕਿ ਪਹਿਲਾਂ ਸਿੱਧੂ ਸਰਕਾਰ ‘ਤੇ ਸਵਾਲ ਚੁੱਕ ਰਹੇ ਸਨ ਤੇ ਅਸਿੱਧੇ ਤੌਰ ‘ਤੇ ਮੁੱਖ ਮੰਤਰੀ ਨੂੰ ਨਿਸ਼ਾਨੇ ‘ਤੇ ਲੈ ਰਹੇ ਸਨ। ਇਸ ਲਈ ਸ਼ਾਇਦ ਉਹਨਾਂ ਦੇ ਬਿਆਨ ਨਜ਼ਰਅੰਦਾਜ਼ ਕਰ ਦਿੱਤੇ ਗਏ। ਪਰ ਪਿਛਲੇ ਕੁਝ ਦਿਨਾਂ ਸਿੱਧੂ ਜਿਸ ਤਰ੍ਹਾਂ ਖੁੱਲ੍ਹ ਕੇ ਸਿੱਧੇ ਸੀਐੱਮ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾਵਰ ਨਜ਼ਰ ਆ ਰਹੇ ਹਨ, ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਬੀਤੇ ਦਿਨ ਇੱਕ ਟੀ.ਵੀ. ਇੰਟਰਵਿਊ ਦੌਰਾਨ ਸੀਐੱਮ ਕੈਪਟਨ ਨੇ ਸਿੱਧੂ ਨੂੰ ਲੈ ਕੇ ਜਿਸ ਤਰ੍ਹਾਂ ਬੇਬਾਕੀ ਨਾਲ ਸਾਰੀਆਂ ਕਿਆਸਰਾਈਆਂ ਦਾ ਜਵਾਬ ਦਿੱਤਾ, ਉਸ ਤੋਂ ਬਾਅਦ ਚਰਚਾ ਆਮ ਹੈ ਕਿ ਸਿੱਧੂ ਖਿਲਾਫ਼ ਜਲਦ ਕੁਝ ਨਾ ਕੁਝ ਐਕਸ਼ਨ ਹੋ ਸਕਦਾ ਹੈ। ਖਾਸਕਰ, ਸਿੱਧੂ ਦੇ ਉਸ ਟਵੀਟ ਤੋਂ ਬਾਅਦ, ਜਿਸ ‘ਚ ਸਿੱਧੇ ਖੁੱਲ੍ਹੇਆਮ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਸਿੱਧੂ ਕਹਿੰਦੇ ਹਨ, “ਤੁਸੀਂ ਨਾ ਇਧਰ-ਓਧਰ ਦੀ ਗੱਲ ਕਰੋ। ਦੱਸੋ- ਕੀ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਕਿਉਂ ਨਹੀਂ ਮਿਲਿਆ? ਅਗਵਾਈ ‘ਤੇ ਸਵਾਲ ਹੈ…ਮੰਸ਼ਾ ‘ਤੇ ਬਵਾਲ ਹੈ!!

ਸਿੱਧੂ ਨੇ ਇਹ ਟਵੀਟ ਕੈਪਟਨ ਅਮਰਿੰਦਰ ਸਿੰਘ ਦੇ ਉਸ ਇੰਟਰਵਿਊ ਤੋਂ ਬਾਅਦ ਕੀਤਾ, ਜਿਸ ‘ਚ ਕੈਪਟਨ ਨੇ ਖੁੱਲ੍ਹ ਕੇ ਸਿੱਧੂ ਬਾਰੇ ਹਰ ਉਸ ਸਵਾਲ ਦਾ ਜਵਾਬ ਦਿੱਤਾ, ਜੋ ਪਿਛਲੇ ਕਈ ਮਹੀਨਿਆਂ ਤੋਂ ਚਰਚਾਵਾਂ ਦਾ ਬਜ਼ਾਰ ਗਰਮ ਕਰ ਰਹੇ ਸਨ। ਕੈਪਟਨ ਨੇ ਸਿੱਧੂ ਨੂੰ ਉਹਨਾਂ ਦੇ ਖਿਲਾਫ਼ ਚੋਣ ਤੱਕ ਲੜਨ ਦੀ ਚੁਣੌਤੀ ਦੇ ਦਿੱਤੀ। ਸਿੱਧੂ ਬਾਰੇ ਕੀ ਕੁਝ ਬੋਲੇ ਸੀਐੱਮ ਕੈਪਟਨ ਅਮਰਿੰਦਰ ਸਿੰਘ, ਇੱਕ ਕਲਿੱਕ ‘ਚ ਪੜ੍ਹੋ

ਕੈਪਟਨ ਵੱਲੋਂ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦਾ ਵੀ ਸਿੱਧੂ ਨੇ ਟਵਿਟਰ ‘ਤੇ ਜਵਾਬ ਦਿੱਤਾ ਅਤੇ ਕਿਹਾ, “ਪੰਜਾਬ ਦੀ ਜ਼ਮੀਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਨਾਕਾਮ ਹੋਣਗੀਆਂ। ਮੇਰੀ ਰੂਪ ਪੰਜਾਬ ਹੈ ਅਤੇ ਪੰਜਾਬ ਦੀ ਰੂਹ ਗੁਰੂ ਗ੍ਰੰਥ ਸਾਹਿਬ ਜੀ। ਸਾਡੀ ਲੜਾਈ ਇਨਸਾਫ਼ ਲਈ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਹੈ। ਇੱਕ ਵਿਧਾਨ ਸਭਾ ਸੀਟ ਇਸਦੇ ਬਰਾਬਰ ਕਿਸੇ ਚਰਚਾ ਲਾਇਕ ਵੀ ਨਹੀਂ।

ਇਹ ਤਾਂ ਰਹੀ ਉਹਨਾਂ ਹਮਲਿਆਂ ਦੀ ਗੱਲ, ਜੋ ਸਿੱਧੂ ਵੱਲੋਂ ਕੈਪਟਨ ‘ਤੇ ਪਲਟਵਾਰ ਕਰਨ ਲਈ ਕੀਤੇ ਗਏ। ਪਰ ਇਹਨਾਂ ਤੋਂ ਪਹਿਲਾਂ ਵੀ ਸਿੱਧੂ ਰੋਜ਼ਾਨਾ ਟਵਿਟਰ ਰਾਹੀਂ ਆਪਣੀ ਸਰਕਾਰ ‘ਤੇ ਸਵਾਲ ਖੜ੍ਹੇ ਕਰਦੇ ਰਹੇ ਹਨ। ਖਾਸਕਰ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਿੱਧੂ ਲਗਾਤਾਰ ਹਮਲੇ ਬੋਲ ਰਹੇ ਹਨ। ਫਿਰ ਚਾਹੇ ਏ.ਜੀ. ਦੀ ਕੋਰਟ ‘ਚ ਗੈਰ-ਹਾਜ਼ਰੀ ਦਾ ਮਸਲਾ ਹੋਵੇ, ਜਾਂ FIR ‘ਚ ਬਾਦਲਾਂ ਦੇ ਨਾੰਅ ਸ਼ਾਮਲ ਨਾ ਕਰਨ ਦੀ ਗੱਲ। ਸਿੱਧੂ ਆਏ ਦਿਨ ਆਪਣੀ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ ਕਿ ਬੇਅਦਬੀਆਂ ਦਾ ਇਨਸਾਫ਼ ਕਦੋਂ ਮਿਲੇਗਾ। ਸਿੱਧੂ ਨੇ ਤਾਂ ਕੋਰਟ ‘ਚ ਕੇਸ ਦੀ ਪੈਰਵੀ ਸਹੀ ਤਰੀਕੇ ਨਾ ਕਰਨ ਦਾ ਇਲਜ਼ਾਮ ਲਗਾਉਂਦਿਆਂ ਸੂਬੇ ਦੇ ਗ੍ਰਹਿ ਮੰਤਰੀ ਨੂੰ ਸਿੱਧੇ ਰਗੜਾ ਲਾ ਦਿੱਤਾ। ਹਾਲਾਂਕਿ ਉਹਨਾਂ ਨਾੰਅ ਨਹੀਂ ਲਿਆ, ਪਰ ਹਰ ਕੋਈ ਜਾਣਦਾ ਹੈ ਕਿ ਗ੍ਰਹਿ ਮੰਤਰਾਲਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਖੁਦ ਵੇਖਦੇ ਹਨ।

ਇਸ ਸਭ ਦੇ ਵਿਚਾਲੇ ਸਿੱਧੂ ਵਿਸਾਖੀ ਵਾਲੇ ਦਿਨ ਅਚਾਨਕ ਫਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ‘ਚ ਉਸ ਗੁਰਦੁਆਰਾ ਸਾਹਿਬ ‘ਚ ਪਹੁੰਚ ਗਏ, ਜਿਥੋਂ 6 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਹਨ। ਬੁਰਜ ਜਵਾਹਰ ਸਿੰਘ ਵਾਲਾ ਤੋਂ ਵੀ ਸਿੱਧੂ ਨੇ ਖੁੱਲ੍ਹ ਕੇ ਕੈਪਟਨ ਸਰਕਾਰ ਤੋਂ ਸਵਾਲ ਪੁੱਛੇ ਅਤੇ SIT ਦੀ ਰਿਪੋਰਟ ਜਨਤੱਕ ਕਰਨ ਦੀ ਵੀ ਮੰਗ ਕਰ ਦਿੱਤੀ।

Sidhu in burj jawahar singh wala
ਬੁਰਜ ਜਵਾਹਰ ਸਿੰਘ ਵਾਲਾ ‘ਚ ਨਵਜੋਤ ਸਿੱਧੂ
ਧੰ. ਜਿੱਤੇਗਾ ਪੰਜਾਬ

ਕਰੀਬ 2 ਮਹੀਨੇ ਦੀ ਚੁੱਪੀ ਤੋਂ ਬਾਅਦ ਜਦੋਂ ਸਿੱਧੂ ਖੁੱਲ੍ਹ ਕੇ ਹਮਲਾਵਰ ਹੋਏ, ਤਾਂ ਉਹਨਾਂ ਬਿਆਨਾਂ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲੇ, ਜੋ ਉਹ 2 ਸਾਲ ਪਹਿਲਾਂ ਸਿਆਸੀ ਸਟੇਜਾਂ ਤੋਂ ਦਿੰਦੇ ਰਹੇ। ਸਿੱਧੂ ਨੇ ਆਪਣੇ ਹਰ ਉਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਜਿਸ ‘ਚ ਉਹ ਆਪਣੀ ਸਰਕਾਰ ‘ਤੇ ਬੇਅਦਬੀ ਮਾਮਲੇ ‘ਚ ਕਾਰਵਾਈ ਦੀ ਮੰਗ ਕਰ ਰਹੇ ਹਨ ਜਾਂ ਇਨਸਾਫ਼ ਨਾ ਦਵਾਉਣ ਲਈ ਸਰਾਸਰ ਇਲਜ਼ਾਮ ਲਗਾ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਸਿੱਧੂ ਲਿਖਦੇ ਹਨ, “ਹਮ ਤੋਹ ਡੂਬੇਂਗੇ ਸਨਮ, ਤੁਮਹੇ ਭੀ ਲੇ ਡੂਬੇਂਗੇ।”

ਇੱਕ ਪਾਸੇ ਸਰਕਾਰ ‘ਤੇ ਇਲਜ਼ਾਮ, ਤਾਂ ਦੂਜੇ ਪਾਸੇ ਆਪਣੀ ਸਫ਼ਾਈ ਵੀ ਪੇਸ਼ ਕਰਨ ਤੋਂ ਸਿੱਧੂ ਪਿੱਛੇ ਨਹੀਂ ਰਹੇ। ਉਹਨਾਂ ਨੇ ਆਪਣੀ ਉਹ ਵੀਡੀਓ ਵੀ ਸਾਂਝੀ ਕੀਤੀ, ਜਿਸ ‘ਚ ਉਹਨਾਂ ਨੇ ਵਿਧਾਨ ਸਭਾ ‘ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹਦਿਆਂ ਸ਼ਰੇਆਮ ਬਾਦਲਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਦੋਸ਼ੀਆਂ ਨੂੰ ਇਨਸਾਫ਼ ਦਾ ਭਰੋਸਾ ਦਵਾਇਆ ਸੀ।

ਸਿੱਧੂ ਦੇ ਇਹਨਾਂ ਸਾਰੇ ਟਵੀਟਸ ਨੂੰ ਲੈ ਕੇ ਉਹਨਾਂ ਦੀ ਪਾਰਟੀ ਦੇ ਸਾਂਸਦ ਰਵਨੀਤ ਬਿੱਟੂ ਵੀ ਖੁੱਲ੍ਹ ਕੇ ਬੋਲਦੇ ਰਹੇ ਹਨ। ਰਵਨੀਤ ਬਿੱਟੂ ਨੇ ਸਿੱਧੂ ਦੇ ਬਿਆਨਾਂ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੰਦਿਆਂ ਇਥੋਂ ਤੱਕ ਕਹਿ ਦਿੱਤਾ, “ਹੁਣ ਗੇਂਦ ਰਾਜਾ ਦੇ ਪਾਲੇ ‘ਚ ਹੈ। ਵੇਖਣਾ ਹੋਵੇਗਾ ਕਿ ਉਹ ਇਸ ਅਨੁਸ਼ਾਸਨਹੀਣਤਾ ਲਈ ਰਿਵਾਰਡ ਦੇਣਗੇ ਜਾਂ ਸਜ਼ਾ ਦੇਣਗੇ।” ਰਵਨੀਤ ਬਿੱਟੂ ਨੇ ਹੋਰ ਕੀ ਕੁਝ ਕਿਹਾ, ਇਥੇ ਪੜ੍ਹੋ

ਸੋ, ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕੀ ਹੋਵੇਗਾ। ਕੀ ਇਸ ਸਾਰੇ ਘਟਨਾਕ੍ਰਮ ਨੂੰ ਵੇਖਦੇ ਹੋਏ ਸਿੱਧੂ ਦੀ ਕਾਂਗਰਸ ‘ਚੋਂ ਛੁੱਟੀ ਹੋਣ ਜਾ ਰਹੀ ਹੈ। ਜੇਕਰ ਨਹੀਂ, ਤਾਂ ਕੀ ਸਿੱਧੂ ਵਾਕਈ ਕਿਸੇ ਹੋਰ ਪਾਰਟੀ ਵੱਲ ਤੱਕ ਰਹੇ ਹਨ ਜਾਂ ਆਪਣੀ ਹੀ ਕੋਈ ਪਾਰਟੀ ਬਣਾਉਣ ਦੀ ਤਿਆਰੀ ‘ਚ ਹਨ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤਾਂ ਖੁਦ ਸਿੱਧੂ ਹੀ ਜਾਣਦੇ ਹਨ। ਅਜਿਹੇ ‘ਚ ਕਿਹੋ-ਜਿਹੀ ਹੋਵੇਗੀ 2022 ਦੀਆਂ ਚੋਣਾਂ ‘ਚ ਪੰਜਾਬ ਦੀ ਸਿਆਸੀ ਤਸਵੀਰ, ਇਹ ਵੀ ਵੇਖਣਾ ਬੇਹੱਦ ਦਿਲਚਸਪ ਰਹੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments