ਬਿਓਰੋ। ਦੇਸ਼ ‘ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਵਿਚਾਲੇ ਪੀਐੱਮ ਨਰੇਂਦਰ ਮੋਦੀ ਨੇ ਸ਼ਨੀਵਾਰ ਰਾਤ 8 ਵਜੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਪੀਐੱਮ ਨੇ ਕੋਰੋਨਾ ਨਾਲ ਨਜਿੱਠਣ ਲਈ ਵਰਤੋਂ ‘ਚ ਆਉਣ ਵਾਲੀਆਂ ਜ਼ਰੂਰੀ ਵਸਤਾਂ ਜਿਵੇਂ ਦਵਾਈਆਂ, ਆਕਸੀਜ਼ਨ, ਵੈਂਟੀਲੇਟਰ ਅਤੇ ਵੈਕਸੀਨੇਸ਼ਨ ਨੂੰ ਲੈ ਕੇ ਤਾਜ਼ਾ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ।
ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਸਾਲ ਅਸੀਂ ਕੋਰੋਨਾ ਨੂੰ ਮਾਤ ਦਿੱਤੀ ਸੀ, ਉਸ ਤੋਂ ਵੀ ਤੇਜ਼ ਸਪੀਡ ਨਾਲ ਅਸੀਂ ਇਸ ਸਾਲ ਇਸ ਬਿਮਾਰੀ ਨੂੰ ਹਰਾਵਾਂਗੇ। ਉਹਨਾਂ ਸਥਾਨਕ ਪ੍ਰਸ਼ਾਸਨ ਨੂੰ ਹੋਰ ਐਕਟਿਵ ਰਹਿਣ ਲਈ ਕਿਹਾ, ਤਾਂ ਜੋ ਮਹਾਂਮਾਰੀ ‘ਤੇ ਕਾਬੂ ਪਾਇਆ ਜਾ ਸਕੇ।
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਪਹਿਲਾਂ ਤੋਂ ਮਨਜ਼ੂਰੀ ਦਿੱਤੇ ਜਾ ਚੁੱਕੇ ਆਕਸੀਜ਼ਨ ਪਲਾਂਟ ਲਗਾਉਣ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਹਨਾਂ ਰੇਮਡੇਸਿਵਿਰ ਅਤੇ ਹੋਰ ਦਵਾਈਆਂ ਦੀ ਉਪਲਬਧਤਾ ਬਾਰੇ ਵੀ ਜਾਣਕਾਰੀ ਲਈ। ਪੀਐੱਮ ਨੇ ਕਿਹਾ ਕਿ ਵੈਕਸੀਨ ਦਾ ਉਤਪਾਦਨ ਤੇਜ਼ ਕਰਾਉਣ ਲਈ ਦੇਸ਼ ‘ਚ ਉਪਲਬਧ ਸਮਰੱਥਾ ਦਾ ਪੂਰਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।
‘ਟੈਸਟਿੰਗ, ਟ੍ਰੈਕਿੰਗ ਤੇ ਟ੍ਰੀਟਮੈਂਟ ਦਾ ਕੋਈ ਵਿਕਲਪ ਨਹੀਂ’
ਪੀਐੱਮ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਟੈਸਟਿੰਗ, ਟ੍ਰੈਕਿੰਗ ਅਤੇ ਟ੍ਰੀਟਮੈਂਟ ਹੀ ਮੋਹਰੀ ਹਨ। ਇਹਨਾਂ ਦਾ ਕੋਈ ਵਿਕਲਪ ਨਹੀਂ। ਉਹਨਾਂ ਕੋਰੋਨਾ ਮਰੀਜ਼ਾਂ ਨੂੰ ਬੈੱਡ ਉਪਲਬਧ ਕਰਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣ ਦਾ ਵੀ ਨਿਰਦੇਸ਼ ਦਿੱਤਾ।