ਚੰਡੀਗੜ੍ਹ। ਪੰਜਾਬ ਦੇ ਪਿੰਡਾਂ ‘ਚ ਕੋਰੋਨਾ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਇਸ ਵਿਚਾਲੇ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਇੱਕ ਬਿਆਨ ਨੂੰ ਲੈ ਕੇ ਸਵਾਲਾਂ ‘ਚ ਹਨ, ਜਿਸ ‘ਚ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਮੋਰਚੇ ਤੋਂ ਵਾਪਸ ਆਪਣੇ ਪਿੰਡਾਂ ਨੂੰ ਪਰਤ ਰਹੇ ਕਿਸਾਨ ਕੋਰੋਨਾ ਟੈਸਟ ਨਹੀਂ ਕਰਵਾਉਂਦੇ, ਇਹ ਵੀ ਪਿੰਡਾਂ ‘ਚ ਕੋਰੋਨਾ ਦੇ ਫੈਲਾਅ ਦਾ ਇੱਕ ਕਾਰਨ ਹਨ।
‘ਇਲਜ਼ਾਮ ਨਹੀਂ ਲਾਇਆ, ਸਿਰਫ਼ ਸਲਾਹ ਦਿੱਤੀ ਸੀ’
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਆਪਣੇ ਇਸ ਬਿਆਨ ਕਾਰਨ ਖੂਬ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਹੁਣ ਪ੍ਰੈੱਸ ਨੂੰ ਜਾਰੀ ਕੀਤੇ ਤਾਜ਼ਾ ਬਿਆਨ ‘ਚ ਬਾਜਵਾ ਯੂ-ਟਰਨ ਲੈਂਦੇ ਨਜ਼ਰ ਆ ਰਹੇ ਹਨ। ਤ੍ਰਿਪਤ ਬਾਜਵਾ ਨੇ ਕਿਹਾ, “ਮੈਂ ਕਦੇ ਵੀ ਇਹ ਨਹੀਂ ਆਖਿਆ ਕਿ ਪੰਜਾਬ ਦੇ ਪਿੰਡਾਂ ‘ਚ ਕੋਰੋਨਾ ਦਾ ਪ੍ਰਕੋਪ ਦਿੱਲੀ ਬਾਰਡਰ ‘ਤੇ ਜਾਰੀ ਧਰਨਿਆਂ ਤੋਂ ਵਾਪਸ ਆ ਰਹੇ ਕਿਸਾਨਾਂ ਕਾਰਨ ਵਧ ਰਿਹਾ ਹੈ। ਮੈਂ ਸਿਰਫ਼ ਸਲਾਹ ਦਿੱਤੀ ਸੀ ਕਿ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਧਰਨਿਆਂ ਤੋਂ ਵਾਪਸ ਆ ਰਹੇ ਕਿਸਾਨ ਟੈਸਟ ਕਰਾ ਲਿਆ ਕਰਨ, ਇਸੇ ‘ਚ ਸਭ ਦੀ ਭਲਾਈ ਹੈ।” ਬਾਜਵਾ ਨੇ ਕਿਹਾ ਕਿ ਉਹਨਾਂ ਦੇ ਇਸ ਬਿਆਨ ਨੂੰ ਮੀਡੀਆ ਨੇ ਗਲਤ ਰੰਗਤ ਦੇ ਕੇ ਸਨਸਨੀ ਪੈਦਾ ਕਰਨ ਦਾ ਕੰਮ ਕੀਤਾ ਹੈ।
‘ਮੈਂ ਕਿਸਾਨ ਸੰਘਰਸ਼ ਦਾ ਪੂਰਨ ਹਮਾਇਤੀ ਹਾਂ’
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਵੀ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਕਿਸਾਨ ਸੰਘਰਸ਼ ਦੇ ਹਮਾਇਤੀ ਹਨ ਅਤੇ ਉਹਨਾਂ ਨੂੰ ਅਹਿਸਾਸ ਹੈ ਕਿ ਇਸ ਅੰਦੋਲਨ ਨੂੰ ਅੱਧ ਵਿਚਾਲੇ ਨਹੀਂ ਛੱਡਿਆ ਜਾ ਸਕਦਾ।
ਖੈਰ, ਮੰਤਰੀ ਜੀ…ਮੰਨਿਆ ਤੁਸੀਂ ਕਿਸਾਨ ਸੰਘਰਸ਼ ਦੇ ਪੂਰਨ ਹਮਾਇਤੀ ਹੋ। ਪਰ ਕਿਸਾਨ ਅੰਦੋਲਨ ਨੂੰ ਪਿੰਡਾਂ ‘ਚ ਕੋਰੋਨਾ ਦੇ ਪ੍ਰਕੋਪ ਦੀ ਇੱਕ ਅਹਿਮ ਵਜ੍ਹਾ ਦੱਸਣਾ ਅਤੇ ਫਿਰ ਉਸ ਤੋਂ ਮੁਕਰ ਕੇ ਮੀਡੀਆ ਦੇ ਸਿਰ ਭਾਂਡਾ ਭੰਨ੍ਹ ਦੇਣਾ ਵੀ ਜਾਇਜ਼ ਨਹੀਂ। ਕਿਉਂਕਿ ਤੁਹਾਡਾ ਨਿਊਜ਼18 ਚੈਨਲ ਨੂੰ ਦਿੱਤਾ ਬਿਆਨ ਪੰਜਾਬ ਦੀ ਜਨਤਾ ਨੇ ਬਾਖੂਬੀ ਸੁਣਿਆ ਹੈ।