December 13, 2022
(Chandigarh)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। 85 ਸਾਲਾਂ ਦੀ ਉਮਰ ‘ਚ ਚੰਡੀਗੜ੍ਹ PGI ਵਿੱਚ ਉਹਨਾਂ ਨੇ ਆਖਰੀ ਸਾਹ ਲਏ। ਬ੍ਰਹਮਪੁਰਾ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਪਿਛਲੇ 3 ਦਿਨਾਂ ਤੋਂ PGI ਵਿੱਚ ਜ਼ੇਰੇ ਇਲਾਜ ਸਨ। ਬੁੱਧਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਬ੍ਰਹਮਪੁਰਾ ਵਿਖੇ ਸਸਕਾਰ ਕੀਤਾ ਜਾਵੇਗਾ।
ਪੰਥ, ਪੰਜਾਬ ਤੇ ਅਕਾਲੀ ਦਲ ਲਈ ਵੱਡਾ ਘਾਟਾ- ਸੁਖਬੀਰ
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਦੇਹਾਂਤ ‘ਤੇ ਦੁੱਖ ਜਤਾਇਆ। ਉਹਨਾਂ ਕਿਹਾ, “ਅਣਥੱਕ ਪੰਥਕ ਯੋਧੇ ਅਤੇ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਦਾ ਅਕਾਲ ਚਲਾਣਾ ਕਰ ਜਾਣਾ ਪੰਥ, ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਹੈ। ਇਸ ਝਟਕੇ ਨੇ ਇੱਕ ਖਾਲੀ ਥਾਂ ਪੈਦਾ ਕਰ ਦਿੱਤੀ ਹੈ, ਜਿਸ ਨੂੰ ਭਰਨਾ ਔਖਾ ਹੋਵੇਗਾ। ਸਾਰੀ ਉਮਰ ਜਥੇਦਾਰ ਸਾਹਿਬ ਰਾਜਨੀਤੀ ਵਿਚ ਪੰਥਕ ਕਦਰਾਂ-ਕੀਮਤਾਂ ਦੇ ਅਟੱਲ ਪ੍ਰਤੀਕ ਬਣੇ ਰਹੇ ਅਤੇ ਇਨ੍ਹਾਂ ਦੀ ਰਾਖੀ ਲਈ ਮੋਹਰੀ ਰਹੇ। ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਣ ਦੀ ਅਰਦਾਸ ਕਰਦਾ ਹਾਂ।”
All his life, Jathedar Sahib remained an unflinching symbol of Panthic values in politics and led from the front in safeguarding these. I pray for peace to his soul and strength to family to bear the loss.
— Sukhbir Singh Badal (@officeofssbadal) December 13, 2022
2 ਵਾਰ ਸੂਬੇ ਦੇ ਕੈਬਨਿਟ ਮੰਤਰੀ ਰਹੇ
ਰਣਜੀਤ ਸਿੰਘ ਬ੍ਰਹਮਪੁਰਾ ਆਪਣੇ ਲੰਮੇ ਸਿਆਸੀ ਜੀਵਨ ਦੌਰਾਨ ਕਈ ਅਹਿਮ ਅਹੁਦਿਆਂ ‘ਤੇ ਰਹੇ ਹਨ। 1977 ਤੋਂ 1980 ਅਤੇ 1997 ਤੋਂ 2012 ਦੇ ਵਕਫੇ ਦੌਰਾਨ ਉਹ 4 ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। 1997 ਤੋਂ 2002 ਅਤੇ 2007 ਤੋਂ 2012 ਦੀਆਂ ਸਰਕਾਰਾਂ ਦੌਰਾਨ ਉਹ ਸੂਬੇ ਦੇ ਕੈਬਨਿਟ ਮੰਤਰੀ ਵੀ ਰਹੇ। ਮਈ, 2014 ਵਿੱਚ ਉਹ ਖਡੂਰ ਸਾਹਿਬ ਤੋਂ ਲੋਕ ਸਭਾ ਸਾਂਸਦ ਵੀ ਚੁਣੇ ਗਏ ਸਨ। ਬ੍ਰਹਮਪੁਰਾ ਮਾਝਾ ਜ਼ੋਨ ਤੋਂ ਆਉਂਦੇ ਸਨ। ਉਹਨਾਂ ਨੂੰ ਮਾਝੇ ਦੇ ਜਰਨੈਲ ਵਜੋਂ ਵੀ ਜਾਣਿਆ ਜਾਂਦਾ ਸੀ।
ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਵੱਡੇ ਆਗੂ
ਸ਼੍ਰੋਮਣੀ ਅਕਾਲੀ ਦਲ ਵਿੱਚ ਬ੍ਰਹਮਪੁਰਾ ਦਾ ਕੱਦ ਕਾਫੀ ਉੱਚਾ ਸੀ। ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਉਹ ਪਾਰਟੀ ਦੇ ਦੂਜੇ ਵੱਡੇ ਆਗੂ ਸਨ। ਉਹ ਟਕਸਾਲੀ ਅਕਾਲੀ ਆਗੂਆਂ ਵਿਚੋਂ ਇੱਕ ਸਨ। ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਬਣੀ ਕੋਰ ਕਮੇਟੀ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦਾ ਮੁੱਖ ਸਰਪ੍ਰਸਤ ਅਤੇ ਬ੍ਰਹਮਪੁਰਾ ਨੂੰ ਪਾਰਟੀ ਦਾ ਸਰਪ੍ਰਸਤ ਲਾਇਆ ਗਿਆ ਸੀ। ਲਿਹਾਜ਼ਾ ਨਾ ਸਿਰਫ਼ ਉਮਰ ਅਤੇ ਤਜ਼ਰਬੇ, ਬਲਕਿ ਅਹੁਦੇ ਵਿੱਚ ਵੀ ਬਾਦਲ ਤੋਂ ਬਾਅਦ ਉਹ ਦੂਜੇ ਨੰਬਰ ਦੇ ਆਗੂ ਸਨ।
2019 ‘ਚ ਅਕਾਲੀ ਦਲ ਤੋਂ ਹੋਏ ਸਨ ਬਾਗੀ
ਰਣਜੀਤ ਸਿੰਘ ਬ੍ਰਹਮਪੁਰਾ ਬੇਸ਼ੱਕ ਅਕਾਲੀ ਦਲ ਦੇ ਟਕਸਾਲੀ ਆਗੂ ਸਨ, ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹਨਾਂ ਨੇ ਆਪਣੇ ਰਾਹ ਵੱਖ ਕਰ ਲਏ ਸਨ। 2019 ਵਿੱਚ ਬ੍ਰਹਮਪੁਰਾ ਨੇ ਆਪਣੇ ਸਾਥੀ ਟਕਸਾਲੀ ਲੀਡਰਾਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ(ਟਕਸਾਲੀ) ਦਾ ਗਠਨ ਕੀਤਾ ਸੀ, ਜਿਸਦੇ ਪ੍ਰਧਾਨ ਬ੍ਰਹਮਪੁਰਾ ਖੁਦ ਸਨ। ਹਾਲਾਂਕਿ ਬਾਅਦ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਨੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਦਾ ਗਠਨ ਕਰ ਲਿਆ ਸੀ। 2022 ਦੀਆਂ ਚੋਣਾਂ ਤੋਂ ਪਹਿਲਾਂ ਬ੍ਰਹਮਪੁਰਾ ਨੇ ਮੁੜ ਅਕਾਲੀ ਦਲ ਵਿੱਚ ਵਾਪਸੀ ਕੀਤੀ ਸੀ।
ਬਗਾਵਤ ਦੇ ਦੌਰ ਵਿੱਚ ਬ੍ਰਹਮਪੁਰਾ ਬਾਦਲ ਪਰਿਵਾਰ ਖਿਲਾਫ਼ ਜੰਮ ਕੇ ਬੋਲੇ। ਖਾਸਕਰ ਸੁਖਬੀਰ ਬਾਦਲ ਦੀ ਲੀਡਰਸ਼ਿਪ ਦੀ ਉਹ ਖੁੱਲ੍ਹ ਕੇ ਖਿਲਾਫਤ ਕਰਦੇ ਸਨ। ਬ੍ਰਹਮਪੁਰਾ ਇਥੋਂ ਤੱਕ ਕਹਿੰਦੇ ਸਨ ਕਿ ਸੁਖਬੀਰ ਤੇ ਮਜੀਠੀਆ ਨੂੰ ਪਤਾ ਹੀ ਨਹੀਂ ਕਿ ਅਕਾਲੀ ਦੀ ਅਸਲ ਪਰੀਭਾਸ਼ਾ ਕੀ ਹੈ। ਬਹਿਰਹਾਲ, ਇਸ ਸਭ ਦੇ ਬਾਵਜੂਦ ਜਦੋਂ ਉਹਨਾਂ ਨੇ ਘਰ ਵਾਪਸੀ ਕੀਤੀ, ਤਾਂ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਖੁੱਲ੍ਹੇ ਦਿਲ ਨਾਲ ਉਹਨਾਂ ਦਾ ਸਵਾਗਤ ਕੀਤਾ।