ਚੰਡੀਗੜ੍ਹ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਪੰਜਾਬ ਬੀਜੇਪੀ ਨੇ ਕਮਰ ਕੱਸ ਲਈ ਹੈ। ਬੀਜੇਪੀ ਵੱਲੋਂ ਕੈਪਟਨ ਸਰਕਾਰ ਸਣੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਰਣਨੀਤੀ ਉਲੀਕੀ ਜਾ ਰਹੀ ਹੈ। ਇਸੇ ਤਹਿਤ ਸ਼ਨੀਵਾਰ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੰਡੀਗੜ੍ਹ ਵਿਖੇ ਕਾਰਜਕਾਰਣੀ ਦੀ ਅਹਿਮ ਬੈਠਕ ਲਈ। ਇਸ ਦੌਰਾਨ ਬੀਜੇਪੀ ਪੰਜਾਬ ਯੁਵਾ ਮੋਰਚਾ ਅਤੇ ਮਹਿਲਾ ਮੋਰਚੇ ਨਾਲ ਵੀ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ ਗਈਆਂ।
ਕਾਰਜਕਾਰਣੀ ਦੀ ਮੀਟਿੰਗ ਤੋਂ ਬਾਅਦ ਅਸ਼ਵਨੀ ਸ਼ਰਮਾ ਨੇ ਪੰਜਾਬ ‘ਚ 2022 ‘ਚ ਬੀਜੇਪੀ ਦੀ ਜਿੱਤ ਦਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਬੀਜੇਪੀ ਪਹਿਲੀ ਵਾਰ ਆਪਣੇ ਬਲਬੂਤੇ ‘ਤੇ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜ ਰਹੀ ਹੈ। ਇਸ ਦੇ ਲਈ, ਹਰ ਵਰਕਰ ਦਾ ਸਹਿਯੋਗ ਜ਼ਰੂਰੀ ਹੈ। ਇਸ ਲਈ ਹਰ ਵਰਕਰ ਨੂੰ ਆਪਣੇ ਖੇਤਰ ਦੇ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਸੂਬੇ ਦੀ ਭ੍ਰਿਸ਼ਟ ਕਾਂਗਰਸ ਸਰਕਾਰ ਦੀ ਲੋਕ ਵਿਰੋਧੀ ਸੋਚ ਬਾਰੇ ਜਾਣਕਾਰੀ ਦੇ ਕੇ ਬੀਜੇਪੀ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2022 ਵਿਚ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣੀ ਤੈਅ ਹੈ, ਕਿਉਂਕਿ ਸੂਬੇ ਦੇ ਲੋਕ ਮੁੱਖ ਮੰਤਰੀ ਅਮਰਿੰਦਰ ਸਿੰਘ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਮਾੜੀ ਰਾਜਨੀਤੀ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਅਤੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕੱਢਣ ਦਾ ਮਨ ਬਣਾ ਚੁੱਕੇ ਹਨ।
ਬੀਜੇਪੀ ਪੰਜਾਬ ‘ਚ ਸਰਕਾਰ ਬਣਾਉਣ ਦਾ ਸੁਫਨਾ ਤਾਂ ਵੇਖ ਰਹੀ ਹੈ, ਪਰ ਇਹ ਇੰਨਾ ਹੀ ਆਸਾਨ ਨਹੀਂ। ਪੰਜਾਬ ‘ਚ ਸਿਆਸੀ ਤਸਵੀਰ ਪੂਰੇ ਦੇਸ਼ ਨਾਲੋਂ ਕਿਤੇ ਵੱਖ ਹੈ। ਇਥੇ ਬੀਜੇਪੀ ਦੇ ਕਈ ਚੁਣੌਤੀਆਂ ਰਹਿਣ ਵਾਲੀਆਂ ਹਨ।
ਕਿਸਾਨਾਂ ‘ਚ ਗੁੱਸਾ
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ‘ਚ ਬੀਜੇਪੀ ਪ੍ਰਤੀ ਬੇਹੱਦ ਗੁੱਸਾ ਹੈ। ਕੁਝ ਦਿਨ ਪਹਿਲਾਂ ਕਿਸਾਨਾਂ ਵੱਲੋਂ ਪੱਛਮੀ ਬੰਗਾਲ ਦੇ ਚੋਣ ਦੰਗਲ ‘ਚ ਨਿਤਰ ਕੇ ਵੀ ਲੋਕਾਂ ਨੂੰ ਬੀਜੇਪੀ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਗਈ ਸੀ। ਲਿਹਾਜ਼ਾ ਪੰਜਾਬ ‘ਚ ਵੀ ਅਜਿਹੀਆਂ ਤਸਵੀਰਾਂ ਆਮ ਵੇਖਣ ਨੂੰ ਮਿਲ ਸਕਦੀਆਂ ਹਨ। ਪੂਰੇ ਦੇਸ਼ ‘ਚ ਕਿਸਾਨਾਂ ਦੀ ਅਬਾਦੀ ਦਾ ਵੱਡਾ ਹਿੱਸਾ ਪੰਜਾਬ ਤੋਂ ਆਉਂਦਾ ਹੈ। ਕਿਸਾਨਾਂ ਵੱਲੋਂ ਪਹਿਲਾਂ ਹੀ ਦੇਸ਼ ਦੇ ਕਈ ਹਿੱਸਿਆਂ ਖਾਸਕਰ ਪੰਜਾਬ ‘ਚ ਬੀਜੇਪੀ ਆਗੂਆਂ ਦਾ ਘੇਰਾਓ ਕੀਤਾ ਜਾ ਰਿਹਾ ਹੈ। ਪੰਜਾਬ ‘ਚ ਤਾਂ ਪਿਛਲੇ ਦਿਨੀਂ ਵਿਧਾਇਕ ਅਰੁਣ ਨਾਰੰਗ ਨਾਲ ਹੱਥੋਪਾਈ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਅਜਿਹੇ ‘ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ‘ਚ ਬੀਜੇਪੀ ਨੂੰ ਕਿਸਾਨਾਂ ਦੇ ਗੁੱਸੇ ਦਾ ਭਾਰੀ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਵੋਟਾਂ ‘ਚ ਵੀ ਝਲਕਣਾ ਤੈਅ ਹੈ।
ਇਕੱਲੇ ਚੋਣ ਲੜਨਾ ਵੀ ਚੁਣੌਤੀ
ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਹੀ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਨਾਲ 2 ਦਹਾਕਿਆਂ ਪੁਰਾਣਾ ਗਠਜੋੜ ਤੋੜ ਦਿੱਤਾ ਸੀ। ਬੀਜੇਪੀ ਤੇ ਅਕਾਲੀ ਦਲ ਪੰਜਾਬ ‘ਚ ਇਕੱਠੇ ਚੋਣ ਲੜਦੇ ਰਹੇ ਹਨ, ਜਿਹਨਾਂ ‘ਚੋਂ ਬੀਜੇਪੀ ਦੇ ਹਿੱਸੇ ਸਿਰਫ਼ 23 ਸੀਟਾਂ ਆਉਂਦੀਆਂ ਸਨ। ਲਿਹਾਜ਼ਾ ਇਸ ਵਾਰ ਸਾਰੇ 117 ਹਲਕਿਆਂ ‘ਤੇ ਉਮੀਦਵਾਰ ਖੜ੍ਹੇ ਕਰਨੇ ਅਤੇ ਉਹਨਾਂ ਉਮੀਦਵਾਰਾਂ ਨੂੰ ਜਨਤਾ ਦੇ ਦਿਲਾਂ ‘ਚ ਉਤਾਰਨਾ ਬੀਜੇਪੀ ਲਈ ਵੱਡੀ ਚੁਣੌਤੀ ਰਹਿਣ ਵਾਲਾ ਹੈ।
ਪਿੰਡਾਂ ‘ਚ ਵੋਟਬੈਂਕ ਨਾ ਮਾਤਰ
ਅਕਾਲੀ ਦਲ ਦੇ ਨਾਲ ਗਠਜੋੜ ‘ਚ ਰਹਿੰਦਿਆਂ ਬੀਜੇਪੀ ਜਿਹਨਾਂ 23 ਸੀਟਾਂ ‘ਤੇ ਚੋਣ ਲੜਦੀ ਰਹੀ, ਉਹਨਾਂ ‘ਚ ਸਿਰਫ਼ ਸ਼ਹਿਰੀ ਹਲਕੇ ਹੀ ਸ਼ਾਮਲ ਹਨ। ਇਸਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਹੈ ਕਿ ਸ਼ਹਿਰਾਂ ‘ਚ ਤਾਂ ਬੀਜੇਪੀ ਦਾ ਵੱਡਾ ਵੋਟਬੈਂਕ ਹੈ, ਪਰ ਪਿੰਡਾਂ ‘ਚ ਬੀਜੇਪੀ ਦਾ ਓਨਾ ਵਜੂਦ ਨਹੀਂ। ਇਸ ਲਈ ਪਿੰਡਾਂ ‘ਚ ਵੋਟਬੈਂਕ ਹਾਸਲ ਕਰਨ ਲਈ ਬੀਜੇਪੀ ਨੂੰ ਆਪਣੀ ਸਿਆਸੀ ਜ਼ਮੀਨ ਤਲਾਸ਼ਨੀ ਪਏਗੀ, ਤਾਂ ਹੀ ਸ਼ਹਿਰਾਂ ‘ਚ ਬੀਜੇਪੀ ਕੁਝ ਕਮਾਲ ਕਰ ਸਕੇਗੀ।