Home Corona ਨਹੀਂ ਰਹੇ ਭਾਰਤ ਦੇ ਫਲਾਇੰਗ ਸਿੱਖ, 91 ਸਾਲ ਦੀ ਉਮਰ 'ਚ ਦੇਹਾਂਤ

ਨਹੀਂ ਰਹੇ ਭਾਰਤ ਦੇ ਫਲਾਇੰਗ ਸਿੱਖ, 91 ਸਾਲ ਦੀ ਉਮਰ ‘ਚ ਦੇਹਾਂਤ

ਬਿਓਰੋ। ਭਾਰਤ ਦੇ ਸਾਬਕਾ ਸਪ੍ਰਿੰਟਰ ਮਿਲਖਾ ਸਿੰਘ ਹੁਣ ਸਾਡੇ ਦਰਮਿਆਨ ਨਹੀਂ ਰਹੇ। ਸ਼ੁੱਕਰਵਾਰ ਰਾਤ 11.30 ਵਜੇ ਮਿਲਖਾ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਚੰਡੀਗੜ੍ਹ PGI ‘ਚ ਉਹਨਾਂ ਨੇ ਆਖਰੀ ਸਾਹ ਲਏ। Post Covid Illness ਦੇ ਚਲਦੇ ਉਹ ਪਿਛਲੇ 15 ਦਿਨਾਂ ਤੋਂ ICU ‘ਚ ਭਰਤੀ ਸਨ।

ਜ਼ਿਕਰਯੋਗ ਹੈ ਕਿ ਮਿਲਖਾ ਸਿੰਘ ਬੀਤੀ 20 ਮਈ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਜਿਸ ਤੋਂ ਬਾਅਦ 4 ਦਿਨਾਂ ਤੱਕ ਉਹ ਆਪਣੇ ਘਰ ‘ਚ ਹੀ ਆਈਸੋਲੇਟ ਸਨ। ਪਰ ਆਕਸੀਜ਼ਨ ਲੈਵਲ ਘੱਟ ਹੋਣ ਸਣੇ ਹੋਰ ਸਮੱਸਿਆਵਾਂ ਦੇ ਚਲਦੇ ਉਹਨਾਂ ਨੂੰ ਮੋਹਾਲੀ ਦੇ ਫੌਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਥੋਂ ਮਿਲਖਾ ਸਿੰਘ ਠੀਕ ਹੋ ਕੇ ਘਰ ਵੀ ਪਹੁੰਚ ਗਏ ਸਨ, ਪਰ Post Covid Illness ਦੇ ਚਲਦੇ ਉਹਨਾਂ ਦੀ ਤਬੀਅਤ ਫਿਰ ਵਿਗੜੀ, ਜਿਸਦੇ ਬਾਅਦ ਤੋਂ ਉਹ PGI ‘ਚ ਜ਼ੇਰੇ ਇਲਾਜ ਸਨ।

ਮੇਰਾ ਦਿਨ ਦੁਖੀ ਹੈ- ਰਾਸ਼ਟਰਪਤੀ

ਮਿਲਖਾ ਸਿੰਘ ਦੇ ਦੇਹਾਂਤ ‘ਤੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਰਾਸ਼ਟਰਪਤੀ ਨੇ ਲਿਖਿਆ, “ਸਪੋਰਟਿੰਗ ਆਈਕਨ ਮਿਲਖਾ ਸਿੰਘ ਦੇ ਦੇਹਾਂਤ ਦੇ ਚਲਦੇ ਮੇਰਾ ਦਿਲ ਦੁੱਖ ਨਾਲ ਭਰ ਗਿਆ ਹੈ। ਉਹਨਾਂ ਦੇ ਸੰਘਰਸ਼ਾਂ ਦੀ ਕਹਾਣੀ ਅਤੇ ਚਰਿੱਤਰ ਦੀ ਤਾਕਤ ਭਾਰਤ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਨਾਲ ਮੇਰੀ ਦਿਲੋਂ ਹਮਦਰਦੀ।”

ਅਸੀਂ ਇੱਕ ਮਹਾਨ ਖਿਡਾਰੀ ਗੁਆ ਦਿੱਤਾ- PM

ਮਿਲਖਾ ਸਿੰਘ ਦੇ ਦੇਹਾਂਤ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ, “ਮਿਲਖਾ ਸਿੰਘ ਜੀ ਦੇ ਦੇਹਾਂਤ ਨਾਲ ਅਸੀਂ ਇੱਕ ਮਹਾਨ ਖਿਡਾਰੀ ਗੁਆ ਦਿੱਤਾ, ਜਿਸਨੇ ਦੇਸ਼ ਦੀ ਕਲਪਨਾ ‘ਤੇ ਕਬਜ਼ਾ ਕਰ ਲਿਆ ਅਤੇ ਅਣਗਿਣਤ ਭਾਰਤੀਆਂ ਦੇ ਦਿਲਾਂ ‘ਚ ਇੱਕ ਵਿਸ਼ੇਸ਼ ਥਾਂ ਬਣਾ ਲਈ। ਉਹਨਾਂ ਦੀ ਪ੍ਰੇਰਣਾਦਾਇਕ ਸ਼ਖਸੀਅਤ ਨੇ ਉਹਨਾਂ ਨੂੰ ਲੱਖਾਂ ਲੋਕਾਂ ਦਾ ਚਹੇਤਾ ਬਣਾ ਦਿੱਤਾ। ਉਹਨਾਂ ਦੇ ਦੇਹਾਂਤ ਨਾਲ ਦੁਖੀ ਹਾਂ।”

ਅੱਗੇ ਪ੍ਰਧਾਨ ਮੰਤਰੀ ਲਿਖਦੇ ਹਨ, “ਕੁਝ ਦਿਨ ਪਹਿਲਾਂ ਮੈਂ ਮਿਲਖਾ ਸਿੰਘ ਜੀ ਨਾਲ ਫੋਨ ‘ਤੇ ਗੱਲ ਕੀਤੀ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਸਾਡੀ ਆਖਰੀ ਗੱਲਬਾਤ ਹੋਵੇਗੀ। ਕਈ ਨਵੇਂ ਅਥਲੀਟ ਉਹਨਾਂ ਦੀ ਜ਼ਿੰਦਗੀ ਤੋਂ ਤਾਕਤ ਹਾਸਲ ਕਰਨਗੇ। ਉਹਨਾਂ ਦੇ ਪਰਿਵਾਰ ਅਤੇ ਦੁਨੀਆ ਭਰ ‘ਚ ਵੱਸਦੇ ਪ੍ਰਸ਼ੰਸਕਾਂ ਨਾਲ ਮੇਰੀ ਹਮਦਰਦੀ।”

ਭਾਰਤ ਤੇ ਪੰਜਾਬ ਗਰੀਬ ਹੋ ਗਿਆ- ਕੈਪਟਨ

ਮਿਲਖਾ ਸਿੰਘ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਸੀਐੱਮ ਨੇ ਟਵੀਟ ਕੀਤਾ, “ਮਿਲਖਾ ਸਿੰਘ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਨਿਰਾਸ਼ ਅਤੇ ਦੁਖੀ ਹਾਂ। ਇਹ ਇੱਕ ਯੁਗ ਦਾ ਅੰਤ ਦਰਸਾਉਂਦਾ ਹੈ, ਭਾਰਤ ਤੇ ਪੰਜਾਬ ਅੱਜ ਹੋਰ ਗਰੀਬ ਹੋ ਗਿਆ। ਸੋਗ ‘ਚ ਡੁੱਬੇ ਪਰਿਵਾਰ ਅਤੇ ਲੱਖਾਂ ਫੈਨਜ਼ ਨਾਲ ਮੇਰੀ ਹਮਦਰਦੀ। ਫਲਾਇੰਗ ਸਿੱਖ ਦੀ ਕਥਾ ਆਉਣ ਵਾਲੀਆਂ ਪੀੜ੍ਹੀਆਂ ਲਈ ਗੂੰਜੇਗੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਸਰ।”

ਤੁਹਾਡੀ ਕਹਾਣੀ ਲੱਖਾਂ ਨੂੰ ਉਡਾਣ ਦੇਵੇਗੀ – ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਮਿਲਖਾ ਸਿੰਘ ਦੇ ਦੇਹਾਂਤ ‘ਤੇ ਟਵੀਟ ਕੀਤਾ। ਉਹਨਾਂ ਲਿਖਿਆ, “ਤੁਹਾਡੀ ਜ਼ਿੰਦਗੀ, ਤੁਹਾਡਾ ਸੰਘਰਸ਼, ਤੁਹਾਡੀ ਕਹਾਣੀ ਆਉਣ ਵਾਲੀਆਂ ਲੱਖਾਂ ਭਾਰਤੀਆਂ ਦੀਆਂ ਪੀੜ੍ਹੀਆਂ ਨੂੰ ਖੰਭ ਦਿੰਦੀ ਰਹੇਗੀ।”

5 ਦਿਨ ਪਹਿਲਾਂ ਪਤਨੀ ਦਾ ਹੋਇਆ ਸੀ ਦੇਹਾਂਤ

ਕਾਬਿਲੇਗੌਰ ਹੈ ਕਿ 5 ਦਿਨ ਪਹਿਲਾਂ ਬੀਤੇ ਐਤਵਾਰ ਹੀ ਮਿਲਖਾ ਸਿੰਘ ਦੀ ਪਤਨੀ ਅਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦਾ ਵੀ ਦੇਹਾਂਤ ਹੋ ਗਿਆ ਸੀ। ਨਿਰਮਲ ਕੌਰ ਵੀ ਕੋਰੋਨਾ ਨਾਲ ਪੀੜਤ ਹੋਏ ਸਨ ਅਤੇ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੌਰਟਿਸ ਹਸਪਤਾਲ ‘ਚ ਭਰਤੀ ਸਨ। ਹਸਪਤਾਲ ‘ਚ ਭਰਤੀ ਹੋਣ ਦੇ ਚਲਦੇ ਮਿਲਖਾ ਸਿੰਘ ਆਪਣੀ ਪਤਨੀ ਦੀ ਆਖਰੀ ਝਲਕ ਵੀ ਨਾ ਵੇਖ ਸਕੇ ਅਤੇ ਉਹਨਾਂ ਦੇ ਅੰਤਿਮ ਸਸਕਾਰ ‘ਚ ਵੀ ਸ਼ਾਮਲ ਨਹੀਂ ਹੋਏ ਸਨ।

 

 

 

RELATED ARTICLES

LEAVE A REPLY

Please enter your comment!
Please enter your name here

Most Popular

Recent Comments