ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦਾ ਕਾਤਲਾਨਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ‘ਚ ਕੋਰੋਨਾ ਕੇਸਾਂ ਅਤੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਸੂਬੇ ‘ਚ ਪਿਛਲੇ 24 ਘੰਟਿਆਂ ਅੰਦਰ 100 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜ ਦਿੱਤਾ।
ਤਾਜ਼ਾ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ ਸਭ ਤੋਂ ਵੱਧ 17 ਲੋਕਾਂ ਦੀ ਕੋਰੋਨਾ ਦੇ ਚਲਦੇ ਮੌਤ ਹੋਈ ਹੈ। ਇਸ ਤੋਂ ਇਲਾਵਾ ਲੁਧਿਆਣਾ ‘ਚ 17, ਮੋਹਾਲੀ ‘ਚ 11 ਅਤੇ ਪਟਿਆਲਾ ‘ਚ 9 ਲੋਕਾਂ ਦੀ ਮੌਤ ਦੀ ਖ਼ਬਰ ਹੈ। ਬਠਿੰਡਾ-ਹੁਸ਼ਿਆਰਪੁਰ ‘ਚ 7-7, ਫਾਜ਼ਿਲਕਾ-ਜਲੰਧਰ ‘ਚ 6-6 ਅਤੇ ਹੁਸ਼ਿਆਰਪੁਰ ‘ਚ 5 ਲੋਕ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ।
ਤਾਜ਼ਾ ਕੋਰੋਨਾ ਪਾਜ਼ੀਟਿਵ ਅੰਕੜਿਆਂ ਦੀ ਗੱਲ ਕਰੀਏ, ਤਾਂ ਪਿਛਲੇ ਕੁਝ ਦਿਨਾਂ ਦੀ ਤਰ੍ਹਾਂ ਲੁਧਿਆਣਾ ਤੇ ਮੋਹਾਲੀ ‘ਚ ਹਾਲਾਤ ਸਭ ਤੋਂ ਬਦਤਰ ਹਨ। ਲੁਧਿਆਣਾ ‘ਚ ਪਿਛਲੇ 24 ਘੰਟਿਆਂ ਦੌਰਾਨ 1136 ਅਤੇ ਮੋਹਾਲੀ ‘ਚ 828 ਲੋਕ ਕੋਰੋਨਾ ਦੀ ਚਪੇਟ ‘ਚ ਆਏ ਹਨ।