ਚੰਡੀਗੜ੍ਹ। ਪੰਜਾਬ ‘ਚ ਆਫਤ ਬਣ ਕੇ ਘੁੰਮ ਰਿਹਾ ਕੋਰੋਨਾ ਇੱਕ ਵਾਰ ਫਿਰ ਕਈ ਘਰਾਂ ‘ਚ ਮਾਤਮ ਲੈ ਕੇ ਆਇਆ ਹੈ। ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ 98 ਲੋਕਾਂ ਦੀ ਕੋਰੋਨਾ ਦੇ ਚਲਦੇ ਮੌਤ ਹੋ ਗਈ। ਮਹਾਂਨਗਰਾਂ ‘ਚ ਹਾਲਾਤ ਸੁਧਰਨ ਦਾ ਨਾੰਅ ਨਹੀਂ ਲੈ ਰਹੇ। 4 ਮਹਾਂਨਗਰ ਅਜਿਹੇ ਹਨ, ਜਿਥੇ 24 ਘੰਟਿਆਂ ਤੋਂ 10 ਤੋਂ ਵੱਧ ਲੋਕ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ।
ਪਟਿਆਲਾ ‘ਚ ਲਗਾਤਾਰ ਦੂਜੇ ਦਿਨ 14 ਕੋਰੋਨਾ ਮਰੀਜ਼ਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਤੇ ਮੋਹਾਲੀ ‘ਚ 11-11 ਅਤੇ ਲੁਧਿਆਣਾ ‘ਚ 10 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜ ਦਿੱਤਾ। ਗੁਰਦਾਸਪੁਰ, ਹੁਸ਼ਿਆਰਪੁਰ ਤੇ ਸੰਗਰੂਰ ‘ਚ 7-7, ਜਲੰਧਰ ‘ਚ 6 ਅਤੇ ਬਠਿੰਡਾ ‘ਚ 4 ਲੋਕਾਂ ਦੀ ਮੌਤ ਦੀ ਖ਼ਬਰ ਹੈ।
ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਅੰਕੜਿਆਂ ਬਾਰੇ ਗੱਲ ਕਰੀਏ, ਤਾਂ ਲੁਧਿਆਣਾ ‘ਚ ਅੰਕੜੇ ਘਟੇ ਜ਼ਰੂਰ ਹਨ, ਪਰ ਹਾਲਾਤ ਅਜੇ ਵੀ ਸਾਰਿਆਂ ਨਾਲੋਂ ਖਰਾਬ ਹੀ ਹਨ। ਲੁਧਿਆਣਾ ‘ਚ ਪਿਛਲੇ 24 ਘੰਟਿਆਂ ਦੌਰਾਨ 753, ਜਦਕਿ ਮੋਹਾਲੀ ‘ਚ 749 ਨਵੇਂ ਮਾਮਲੇ ਰਿਪੋਰਟ ਹੋਏ ਹਨ। ਇਸ ਤੋਂ ਇਲਾਵਾ ਜਲੰਧਰ ‘ਚ 658, ਬਠਿੰਡਾ ‘ਚ 468, ਪਟਿਆਲਾ ‘ਚ 456 ਅਤੇ ਅੰਮ੍ਰਿਤਸਰ ‘ਚ 415 ਨਵੇਂ ਮਰੀਜ਼ ਸਾਹਮਣੇ ਆਏ ਹਨ।
ਵਧਦੇ ਕੇਸਾਂ ਵਿਚਾਲੇ ਸਰਕਾਰ ਨੇ ਵਧਾਈ ਸਖਤੀ
ਇਹ ਵੀ ਪੜ੍ਹੋ:- ਪੰਜਾਬ ‘ਚ ਵੀਕੈਂਡ ਲਾਕਡਾਊਨ ਦਾ ਐਲਾਨ, ਨਾਈਟ ਕਰਫਿਊ ਦਾ ਸਮਾਂ ਵੀ ਵਧਿਆ
ਸੂਬੇ ‘ਚ ਲਗਾਤਾਰ ਵਿਗੜਦੇ ਜਾ ਰਹੇ ਹਾਲਾਤ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਨਾਈਟ ਕਰਫਿਊ ਦਾ ਸਮਾਂ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ। ਇਸਦੇ ਨਾਲ ਹੀ ਸੂਬੇ ‘ਚ ਸ਼ਨੀਵਾਰ ਤੇ ਐਤਵਾਰ ਦਾ ਮੁਕੰਮਲ ਲਾਕਡਾਊਨ ਵੀ ਲਗਾ ਦਿੱਤਾ ਗਿਆ ਹੈ। ਹਾਲਾਂਕਿ ਸੀਐੱਮ ਨੇ ਸਾਫ਼ ਕੀਤਾ ਕਿ ਉਹ ਪਲਾਇਣ ਅਤੇ ਆਰਥਿਕ ਸੰਕਟ ਵਰਗੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਮੁਕੰਮਲ ਲਾਕਡਾਊਨ ਦੇ ਪੱਖ ‘ਚ ਨਹੀਂ ਹਨ।