ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਤਾਜ਼ਾ ਅੰਕੜੇ ਬੇਹੱਦ ਡਰਾਉਣ ਵਾਲੇ ਹਨ। ਪਿਛਲੇ 24 ਘੰਟਿਆਂ ਦੌਰਾਨ ਪਹਿਲੀ ਵਾਰ 7 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਲੁਧਿਆਣਾ ‘ਚ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਇਥੇ 1389 ਦੇ ਕਰੀਬ ਨਵੇਂ ਕੇਸ ਰਿਪੋਰਟ ਹੋਏ ਹਨ।
ਇਸ ਤੋਂ ਇਲਾਵਾ ਮੋਹਾਲੀ ‘ਚ 893, ਜਲੰਧਰ ‘ਚ 648, ਅੰਮ੍ਰਿਤਸਰ ‘ਚ 569 ਅਤੇ ਪਟਿਆਲਾ ‘ਚ 495 ਲੋਕ ਕੋਰੋਨਾ ਦੀ ਚਪੇਟ ‘ਚ ਆਏ ਹਨ। ਚਿੰਤਾ ਦੀ ਗੱਲ ਇਹ ਹੈ ਕਿ ਕਈ ਨਵੇਂ ਜ਼ਿਲ੍ਹੇ ਵੀ ਹੁਣ ਕੋਰੋਨਾ ਦੇ ਵੱਡੇ ਹੌਟਸਪੌਟ ਬਣਨ ਲੱਗੇ ਹਨ। ਬਠਿੰਡਾ ‘ਚ ਪਹਿਲੀ ਵਾਰ ਇੱਕ ਦਿਨ ‘ਚ 464 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਸੂਬੇ ‘ਚੋਂ ਲਗਾਤਾਰ ਸਾਹਮਣੇ ਆ ਰਹੇ ਮੌਤਾਂ ਦੇ ਅੰਕੜੇ ਵੀ ਚਿੰਤਾ ਵਧਾਉਣ ਵਾਲੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ‘ਚ ਕੋਰੋਨਾ ਦੇ ਚਲਦੇ 76 ਲੋਕਾਂ ਦੀ ਮੌਤ ਹੋ ਗਈ। ਸਭ ਤੋਂ ਵੱਧ ਮੌਤਾਂ ਪਟਿਆਲਾ ‘ਚ ਰਿਪੋਰਟ ਹੋਈਆਂ, ਜਿਥੇ 14 ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ। ਲੁਧਿਆਣਾ-ਅੰਮ੍ਰਿਤਸਰ ‘ਚ 9-9 ਲੋਕਾਂ ਦੀ ਮੌਤ ਹੋ ਗਈ। ਹੁਸ਼ਿਆਰਪੁਰ ‘ਚ 6 ਅਤੇ ਮੋਹਾਲੀ-ਗੁਰਦਾਸਪੁਰ ‘ਚ 5-5 ਲੋਕ ਕੋਰੋਨਾ ਸਾਹਮਣੇ ਜ਼ਿੰਦਗੀ ਦੀ ਜੰਗ ਹਾਰ ਗਏ।ੱ
ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ‘ਚ ਆ ਰਹੀ ਤੇਜ਼ੀ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਸੂਬੇ ‘ਚ ਫਿਲਹਾਲ ਨਾਈਟ ਕਰਫ਼ਿਊ ਸਣੇ ਕਈ ਪਾਬੰਦੀਆਂ ਲਾਗੂ ਹਨ, ਪਰ ਜੇਕਰ ਮਾਮਲੇ ਇਸੇ ਰਫ਼ਤਾਰ ਨਾਲ ਵਧਦੇ ਰਹੇ, ਤਾਂ ਨਵੀਆਂ ਪਾਬੰਦੀਆਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।