ਬਿਓਰੋ। 10 ਮਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਹੇਮਕੁੰਡ ਸਾਹਿਬ ਦੀ ਪਵਿੱਤਰ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚਲਦੇ ਲਿਆ ਗਿਆ ਹੈ। ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਵੱਲਂ ਦੱਸਿਆ ਗਿਆ ਕਿ ਦੇਸ਼ ਅਤੇ ਉੱਤਰਾਖੰਡ ‘ਚ ਕੋਰੋਨਾ ਦੇ ਮਰੀਜ਼ ਲਗਾਤਾਰ ਵਧ ਰਹੇ ਹਨ। ਇਸੇ ਦੇ ਮੱਦੇਨਜ਼ਰ ਯਾਤਰਾ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਅਗਲੀਆਂ ਤਾਰੀਖਾਂ ਦਾ ਐਲਾਨ ਹਾਲਾਤ ਠੀਕ ਹੋਣ ਤੋਂ ਬਾਅਦ ਕੀਤਾ ਜਾਵੇਗਾ।
ਜ਼ੋਰਾਂ ‘ਤੇ ਸਨ ਯਾਤਰਾ ਦੀਆਂ ਤਿਆਰੀਆਂ
ਉੱਤਰਾਖੰਡ ਦੇ 5ਵੇਂ ਧਾਮ ਵਜੋਂ ਜਾਣੇ ਜਾਂਦੇ ਸਿੱਖਾਂ ਦੇ ਪ੍ਰਸਿੱਧ ਤੀਰਥ ਸ੍ਰੀ ਹੇਮਕੁੰਡ ਸਾਹਿਬ ਦੇ ਕਿਵਾੜ 10 ਮਈ ਨੂੰ ਖੋਲ੍ਹੇ ਜਾਣੇ ਸਨ। ਹੇਮਕੁੰਡ ਯਾਤਰਾ ਨੂੰ ਲੈ ਕੇ ਮੈਨੇਜਮੈਂਟ ਟਰੱਸਟ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ। 8 ਮਈ ਨੂੰ ਰਿਸ਼ੀਕੇਸ਼ ਤੋਂ ਪਹਿਲਾ ਜੱਥਾ ਵੀ ਰਵਾਨਾ ਹੋ ਰਿਹਾ ਸੀ। ਹੇਮਕੁੰਡ ਸਾਹਿਬ ਦੀ ਯਾਤਰਾ ਲਈ ਨਿਰਧਾਰਤ ਰਸਤੇ ਨੂੰ ਦਰੁਸਤ ਕਰਨ ‘ਚ ਫੌਜ ਵੀ ਜੁਟੀ ਹੋਈ ਸੀ, ਪਰ ਹੁਣ ਕੋਰੋਨਾ ਦੇ ਚਲਦੇ ਯਾਤਰਾ ਰੱਦ ਹੋ ਗਈ ਹੈ ਅਤੇ ਸਾਰੀਆਂ ਤਿਆਰੀਆਂ ਨੂੰ ਰੋਕ ਦਿੱਤਾ ਗਿਆ ਹੈ।
ਹਰ ਸਾਲ ਪਹੁੰਚਦੇ ਹਨ ਲੱਖਾਂ ਸ਼ਰਧਾਲੂ
ਉੱਤਰਾਖੰਡ ਦੇ ਚਮੌਲੀ ਜ਼ਿਲ੍ਹੇ ‘ਚ ਮੌਜੂਦ ਸ੍ਰੀ ਹੇਮਕੁੰਡ ਸਾਹਿਬ 15 ਹਜ਼ਾਰ 200 ਫੁੱਟ ਦੀ ਉਚਾਈ ‘ਤੇ ਹੈ। ਲੱਖਾਂ ਦੀ ਗਿਣਤੀ ‘ਚ ਸਿੱਖ ਸੰਗਤ ਹਰ ਸਾਲ ਇਥੇ ਮੱਥਾ ਟੇਕਣ ਲਈ ਪਹੁੰਚਦੀ ਹੈ।