ਲੁਧਿਆਣਾ। ਸ਼ਹਿਰ ਦੀ ਇੱਕ ਦੁਕਾਨ ਤੋਂ ਮੰਗਵਾਏ ਗਏ ਫਾਸਟ ਫੂਡ ‘ਚ ਮਰੀ ਹੋਈ ਛਿਪਕਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਇਸ ਲਈ ਵੀ ਬੇਹੱਦ ਗੰਭੀਰ ਹੋ ਜਾਂਦਾ ਹੈ, ਕਿਉਂਕਿ ਛਿਪਕਲੀ ‘ਤੇ ਨਜ਼ਰ ਉਸ ਵੇਲੇ ਪਈ, ਜਦੋਂ ਪਰਿਵਾਰ ਦੇ 3 ਲੋਕ ਉਹ ਖਾਣਾ ਖਾ ਚੁੱਕੇ ਸਨ ਅਤੇ ਚੌਥਾ ਖਾਣ ਦੀ ਤਿਆਰੀ ‘ਚ ਸੀ। ਹਾਲਾਂਕਿ ਗਣੀਮਤ ਰਹੀ ਕਿ ਇਸ ਨੂਡਲ ਰੋਲ ਨੂੰ ਖਾਣ ਦੇ ਬਾਵਜੂਦ ਪਰਿਵਾਰ ਦੇ ਤਿੰਨ ਲੋਕਾਂ ਦੀ ਜਾਨ ਬੱਚ ਗਈ।
ਮਾਮਲਾ ਸ਼ਹਿਰ ਦੇ BRS ਨਗਰ ‘ਚ ਮੌਜੂਦ ਚੰਦਨ ਚਿਕਨ ਰੋਲ ਦਾ ਦੱਸਿਆ ਜਾ ਰਿਹਾ ਹੈ, ਜਿਥੋਂ ਰਾਜਗੁਰੂ ਨਗਰ ਦੇ ਦਿਲਪ੍ਰੀਤ ਸਿੰਘ ਨਾਮੀ ਸ਼ਖਸ ਨੇ ਐੱਗ ਮਨਚੂਰੀਅਨ ਅਤੇ ਨੂਡਲ ਰੋਲ ਮੰਗਵਾਏ ਸਨ। ਦਿਲਪ੍ਰੀਤ ਦੀ ਮਾਂ, ਪਤਨੀ ਅਤੇ ਬੇਟੇ ਨੇ ਇਹ ਸਾਰਾ ਖਾਣਾ ਖਾ ਵੀ ਲਿਆ, ਪਰ ਜਦੋਂ ਦਿਲਪ੍ਰੀਤ ਖੁਦ ਖਾਣ ਲੱਗਿਆ, ਤਾਂ ਉਸਦੀ ਨਜ਼ਰ ਰੋਲ ਦੇ ਅੰਦਰ ਮੌਜੂਦ ਛਿਪਕਲੀ ‘ਤੇ ਪਈ। ਪਰਿਵਾਰ ਨੇ ਇਸਦੀ ਜਾਣਕਾਰੀ ਮੁਹੱਲਾ ਵਾਸੀਆਂ ਅਤੇ PCR ਨੂੰ ਦਿੱਤੀ।
ਇਸ ਪੂਰੀ ਘਟਨਾ ਦੇ ਕੁਝ ਸਮੇਂ ਬਾਅਦ ਹੀ ਦਿਲਪ੍ਰੀਤ ਦੀ ਪਤਨੀ ਅਤੇ ਬੇਟੇ ਦੇ ਢਿੱਡ ‘ਚ ਦਰਦ ਸ਼ੁਰੂ ਹੋ ਗਿਆ। ਉਹਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਇਲਾਜ ਤੋਂ ਬਾਅਦ ਉਹਨਾਂ ਨੂੰ ਵਾਪਸ ਘਰ ਭੇਜ ਦਿੱਤਾ। ਪਰਿਵਾਰ ਨੂੰ ਇਸ ਮਾਮਲੇ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਵੀ ਕੀਤੀ ਗਈ ਹੈ, ਜਿਸਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਮੋਬਾਈਲ ਦੀ ਟੌਰਚ ‘ਚ ਬਣਾਏ ਸਨ ਰੋਲ
ਇਸ ਸਭ ਦੇ ਵਿਚਾਲੇ ਦੁਕਾਨ ਦੇ ਮਾਲਕ ਨੇ ਆਪਣੀ ਗਲਤੀ ਕਬੂਲ ਕਰਕੇ ਪੀੜਤ ਪਰਿਵਾਰ ਤੋਂ ਮੁਆਫ਼ੀ ਮੰਗ ਲਈ ਹੈ। ਜਾਣਕਾਰੀ ਮੁਤਾਬਕ, ਦੁਕਾਨ ਮਾਲਕ ਨੇ ਇਹ ਵੀ ਕਿਹਾ ਹੈ ਕਿ ਬਿਜਲੀ ਚਲੇ ਜਾਣ ਦੇ ਚਲਦੇ ਮੋਬਾਈਲ ਦੇ ਟੌਰਚ ਦੀ ਰੋਸ਼ਨੀ ‘ਚ ਰੋਲ ਤਿਆਰ ਕੀਤੇ ਗਏ ਸਨ। ਹੋ ਸਕਦਾ ਹੈ ਇਸੇ ਦੌਰਾਨ ਛਿਪਕਲੀ ਗਲਤੀ ਨਾਲ ਰੋਲ ‘ਚ ਡਿੱਗ ਪਈ ਹੋਵੇ।