ਬਿਓਰੋ। ਦੇਸ਼ ਦੇ ਕਈ ਸੂਬਿਆਂ ‘ਚ ਕੋਰੋਨਾ ਵੈਕਸੀਨ ਦੀ ਘਾਟ ਦੇ ਮੁੱਦੇ ‘ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਲਗਾਤਾਰ ਪੀਐੱਮ ਮੋਦੀ ‘ਤੇ ਹਮਲਾਵਰ ਹਨ। ਇਸੇ ਕੜੀ ‘ਚ ਹੁਣ ਰਾਹੁਲ ਨੇ #SpeakUpForVaccinesForAll ਕੈਂਪੇਨ ਦੀ ਵੀ ਸ਼ੁਰੂਆਤ ਕੀਤੀ ਹੈ।
ਟਵਿਟਰ ‘ਤੇ ਇੱਕ ਵੀਡੀਓ ਅਪਲੋਡ ਕਰ ਰਾਹੁਲ ਗਾਂਧੀ ਨੇ ਕਿਹਾ, “ਮੋਦੀ ਜੀ, ਤੁਸੀਂ ਕਿਹਾ ਸੀ ਕਿ ਕੋਰੋਨਾ ਦੀ ਲੜਾਈ 18 ਦਿਨਾਂ ‘ਚ ਜਿੱਤ ਲਵਾਂਗੇ। ਤੁਸੀਂ ਘੰਟੀ, ਥਾਲੀ ਸਭ ਬਜਵਾਇਆ। ਮੋਬਾਈਲ ਫੋਨ ਦੀ ਲਾਈਟ ਜਗਵਾਈ। ਕੌਰੋਨਾ ਅੱਗੇ ਵਧਦਾ ਗਿਆ ਤੇ ਹੁਣ ਦੂਜੀ ਲਹਿਰ ਹੈ ਅਤੇ ਲੱਖਾਂ ਲੋਕ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ। ਤੁਸੀਂ ਇਵੈਂਟਬਾਜ਼ੀ ਬੰਦ ਕਰੋ, ਜਿਸ ਨੂੰ ਵੈਕਸੀਨ ਦੀ ਲੋੜ ਹੈ, ਉਸ ਨੂੰ ਵੈਕਸੀਨ ਦਿਓ। ਵੈਕਸੀਨ ਦਾ ਐਕਸਪੋਰਟ ਬੰਦ ਕਰੋ। ਸਾਡੇ ਗਰੀਬ ਭਰਾ-ਭੈਣਾਂ ਨੂੰ ਆਮਦਨੀ ਦਾ ਸਹਾਰਾ ਦਿਓ।”
385 दिन में भी कोरोना से लड़ाई नहीं जीत पाए- उत्सव, ताली-थाली बहुत हो चुके अब देश को वैक्सीन दो! #SpeakUpForVaccinesForAll pic.twitter.com/YkIb3yDTGO
— Rahul Gandhi (@RahulGandhi) April 12, 2021
ਟੀਕਾ ਉਤਸਵ ‘ਤੇ ਵੀ ਚੁੱਕੇ ਸਨ ਸਵਾਲ
ਦੱਸ ਦਈਏ ਕਿ ਰਾਹੁਲ ਗਾਂਧੀ ਇਸ ਤੋਂ ਪਹਿਲਾਂ ਪੀਐੱਮ ਮੋਦੀ ਨੂੰ ਟੀਕਾ ਉਤਸਵ ‘ਤੇ ਵੀ ਘੇਰ ਚੁੱਕੇ ਹਨ। ਪੀਐੱਮ ਵੱਲੋਂ 11 ਤੋਂ 14 ਅਪ੍ਰੈਲ ਤੱਕ ਟੀਕਾ ਉਤਸਵ ਮਨਾਉਣ ਦੀ ਅਪੀਲ ‘ਤੇ ਰਾਹੁਲ ਨੇ ਕਿਹਾ ਸੀ ਕਿ ਇਹ ਉਤਸਵ ਮਨਾਉਣ ਦਾ ਨਹੀਂ, ਸਗੋਂ ਪਰੇਸ਼ਾਨੀ ਦਾ ਹੈ।