Oਬਿਓਰੋ। ਦੇਸ਼ ‘ਚ ਆਕਸੀਜ਼ਨ ਦੀ ਕਮੀ ਦਾ ਮੁੱਦਾ ਹੁਣ ਸਿਆਸੀ ਰੰਗਤ ਲੈਣਾ ਸ਼ੁਰੂ ਹੋ ਗਿਆ ਹੈ ਤੇ ਸਿੱਧੀ ਜੰਗ ਸੂਬਿਆਂ ‘ਚ ਛਿੜਦੀ ਨਜ਼ਰ ਆ ਰਹੀ ਹੈ। ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਵਿਜ ਨੇ ਕਿਹਾ ਕਿ ਉਹਨਾਂ ਦੇ ਦਿੱਲੀ ਤੋਂ ਫਰੀਦਾਬਾਦ ਜਾ ਰਹੇ 2 ਆਕਸੀਜ਼ਨ ਟੈਂਕਰਾਂ ‘ਚੋਂ ਇੱਕ ਨੂੰ ਦਿੱਲੀ ਸਰਕਾਰ ਵੱਲੋਂ ਲੁੱਟ ਲਿਆ ਗਿਆ। ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਸਾਰੇ ਆਕਸੀਜ਼ਨ ਟੈਂਕਰਾਂ ਨੂੰ ਪੁਲਿਸ ਸੁਰੱਖਿਆ ਦੇਣ ਦਾ ਫ਼ੈਸਲਾ ਲਿਆ ਹੈ।
ਸਾਡੇ ਲਈ ਹਰਿਆਣਾ ਪਹਿਲਾਂ- ਵਿਜ
ਸਿਹਤ ਮੰਤਰੀ ਨੇ ਕਿਹਾ, “ਸਾਡੇ ‘ਤੇ ਆਪਣੇ ਹਿੱਸੇ ਦੀ ਆਕਸੀਜ਼ਨ ਦਿੱਲੀ ਨੂੰ ਦੇਣ ਦਾ ਦਬਾਅ ਪਾਇਆ ਜਾ ਰਿਹਾ ਹੈ। ਸਾਡੇ ਲਆ ਹਰਿਆਣਾ ਪਹਿਲਾਂ ਹੈ। ਅਸੀਂ ਪਹਿਲਾਂ ਆਪਣੀ ਜ਼ਰੂਰਤ ਨੂੰ ਪੂਰਾ ਕਰਾਂਗੇ, ਉਸ ਤੋਂ ਬਾਅਦ ਹੀ ਕਿਸੇ ਹੋਰ ਨੂੰ ਆਕਸੀਜ਼ਨ ਦਵਾਂਗੇ।” ਉਹਨਾਂ ਕਿਹਾ ਕਿ ਹਿਮਾਚਲ ਅਤੇ ਰਾਜਸਥਾਨ ਨੇ ਹਰਿਆਣਾ ਦੀ ਆਕਸੀਜ਼ਨ ਸਪਲਾਈ ਬੰਦ ਕਰ ਦਿੱਤੀ ਹੈ।
ਫਰੀਦਾਬਾਦ ਤੋਂ ਦਿੱਲੀ ਆਉਣੀ ਸੀ ਆਕਸੀਜ਼ਨ- ਸਿਸੋਦੀਆ
ਓਧਰ ਦਿੱਲੀ ਸਰਕਾਰ ਉਲਟਾ ਹਰਿਆਣਾ ‘ਤੇ ਇਲਜ਼ਾਮ ਲਗਾ ਰਹੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਫਰੀਦਾਬਾਦ ਤੋਂ ਦਿੱਲੀ ਲਈ ਆਕਸੀਜ਼ਨ ਆਉਣੀ ਸੀ, ਤਾਂ ਉਥੇ ਕਿਸੇ ਅਧਿਕਾਰੀ ਨੇ ਆ ਕੇ ਰੋਕ ਦਿੱਤਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਸ ‘ਚ ਦਖਲ ਦੇਵੇ, ਤਾਂ ਜੋ ਸੂਬੇ ਆਪਸ ‘ਚ ਨਾ ਉਲਝਣ।
ਵਿਵਾਦ ਵਿਚਾਲੇ ਕੇਂਦਰ ਨੇ ਵਧਾਇਆ ਦਿੱਲੀ ਦਾ ਕੋਟਾ
Central govt has increased Delhi’s quota of oxygen. We r very grateful to centre for this.
— Arvind Kejriwal (@ArvindKejriwal) April 21, 2021
ਹਰਿਆਣਾ ਅਤੇ ਦਿੱਲੀ ਦੇ ਵਿਵਾਦ ਵਿਚਾਲੇ ਕੇਂਦਰ ਸਰਕਾਰ ਨੇ ਦਿੱਲੀ ਦਾ ਆਕਸੀਜ਼ਨ ਦਾ ਕੋਟਾ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਦਿੱਲੀ ‘ਚ ਆਕਸੀਜ਼ਨ ਦੀ ਭਾਰੀ ਕਿੱਲਤ ਹੈ, ਜਿਸਦੇ ਚਲਦੇ ਉਹਨਾਂ ਨੇ ਕੇਂਦਰ ਤੋਂ ਦਿੱਲੀ ਦਾ ਕੋਟਾ ਵਧਾਉਣ ਦੀ ਮੰਗ ਕੀਤੀ ਸੀ।