December 21, 2022
(New Delhi)
ਚੀਨ ਵਿੱਚ ਕੋਰੋਨਾ ਦੇ ਵਧਦੇ ਮਾਮਲੇ ਮੁੜ ਡਰਾਉਣ ਲੱਗੇ ਹਨ, ਜਿਸਦੇ ਚਲਦੇ ਕੇਂਦਰ ਸਰਕਾਰ ਅਲਰਟ ਮੋਡ ਵਿੱਚ ਆ ਗਈ ਹੈ। ਦੇਸ਼ ਵਿੱਚ ਕੋਵਿਡ-19 ਦੇ ਹਾਲਾਤ ਨੂੰ ਲੈ ਕੇ ਬੁੱਧਵਾਰ ਨੂੰ ਕੇਂਦਰੀ ਸਿਹਤ ਮੰਤਰੀ ਡਾ. ਮਨਸੁੱਖ ਮਾਂਡਵੀਆ ਨੇ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਦੇ ਨਾਲ ਬੈਠਕ ਕੀਤੀ ਅਤੇ ਕਿਹਾ ਕਿ ਭਾਰਤ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ਹਾਲਾਂਕਿ ਫਿਲਹਾਲ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਜੇਕਰ ਮਾਮਲੇ ਵਧੇ, ਤਾਂ ਆਉਣ ਵਾਲੇ ਦਿਨਾਂ ਵਿੱਚ ਮੁੜ ਸਖਤੀ ਹੋ ਸਕਦੀ ਹੈ।
ਭੀੜਭਾੜ ‘ਚ ਮਾਸਕ ਲਗਾਉਣ ਦੀ ਸਲਾਹ
ਬੈਠਕ ਤੋਂ ਬਾਅਦ ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪੌਲ ਨੇ ਲੋਕਾਂ ਨੂੰ ਭੀੜਭਾੜ ਵਿੱਚ ਮਾਸਕ ਲਗਾਉਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕਾਂ ਅਤੇ ਬਜ਼ੁਰਗਾਂ ਲਈ ਮਾਸਕ ਬੇਹੱਦ ਜ਼ਰੂਰੀ ਹੈ। ਫਿਲਹਾਲ ਸਿਰਫ਼ 27% ਅਬਾਦੀ ਨੇ ਹੀ ਬੂਸਟਰ ਡੋਜ਼ ਲਈ ਹੈ। ਇਹ ਖੁਰਾਕ ਲੈਣਾ ਸਾਰਿਆ ਲਈ ਜ਼ਰੂਰੀ ਹੈ।
ਸਾਰੇ ਸੂਬਿਆਂ ਨੂੰ ਜੀਨੋਮ ਸੀਕਵੈਂਸਿੰਗ ਦੇ ਨਿਰਦੇਸ਼
ਕੇਂਦਰ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਸਾਰੇ ਪਾਜ਼ੀਟਿਵ ਕੇਸਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਜਾਣ, ਤਾਂ ਜੋ ਕੋਰੋਨਾ ਦੇ ਨਵੇਂ ਵੈਰੀਏਂਟ ਦਾ ਪਤਾ ਲਗਾਇਆ ਜਾ ਸਕੇ। ਇਹਨੀਂ ਦਿਨੀਂ ਚੀਨ, ਜਪਾਨ, ਅਮਰੀਕਾ, ਕੋਰੀਆ ਅਤੇ ਬ੍ਰਾਜ਼ੀਲ ਵਿੱਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ।
ਵੈਕਸੀਨੇਸ਼ਨ ਦੇ 3 ਰਾਊਂਡ ਹੋ ਚੁੱਕੇ, ਇਸ ਲਈ ਖ਼ਤਰਾ ਘੱਟ
ਮਾਹਿਰਾਂ ਮੁਤਾਬਕ, ਭਾਰਤ ਵਰਗੇ ਦੇਸ਼ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਇਥੇ ਵੈਕਸੀਨੇਸ਼ਨ ਦੇ 3 ਰਾਊਂਡ ਹੋ ਚੁੱਕੇ ਹਨ। ਲੋਕਾਂ ਵਿੱਚ ਇਮਿਊਨਿਟੀ ਡੈਵਲਪ ਹੋ ਚੁੱਕੀ ਹੈ। ਕੋਰੋਨਾ ਤਾਂ ਭਾਰਤ ਵਿੱਚ ਵੀ ਹਰ ਜਗ੍ਹਾ ਹੋਵੇਗਾ, ਪਰ ਇਹ ਸਾਡੇ ‘ਤੇ ਅਸਰ ਨਹੀਂ ਕਰ ਰਿਹਾ। ਉਹਨਾਂ ਕਿਹਾ ਕਿ ਹੁਣ ਕੋਰੋਨਾ ਦਾ ਭਾਰਤ ਵਿੱਚ ਖ਼ਤਰਾ ਨਹੀਂ ਹੈ।