ਬਿਓਰੋ। ਕੋਰੋਨਾ ਦੇ ਲਗਾਤਾਰ ਵਧਦੇ ਮਾਮਲਿਆਂ ਨਾਲ ਦੇਸ਼ ਭਰ ‘ਚ ਹਾਹਾਕਾਰ ਮਚਿਆ ਹੈ। ਵੈਕਸੀਨ ਦੀ ਕਮੀ ਨਾਲ ਹਾਲਾਤ ਹੋਰ ਚਿੰਤਾ ਵਧਾਉਣ ਲੱਗੇ ਹਨ। ਕਈ ਸੂਬਿਆਂ ਤੋਂ ਵੈਕਸੀਨ ਦੀ ਕਮੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ, ਪਰ ਇਸ ਵਿਚਾਲੇ ਵੈਕਸੀਨ ਦੀ ਬਰਬਾਦੀ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਅਖਬਾਰ ‘ਚ ਛਪੀ ਖ਼ਬਰ ਦੇ ਮੁਤਾਬਕ, RTI ਤੋਂ ਜਾਣਕਾਰੀ ਮਿਲੀ ਹੈ ਕਿ 11 ਅਪ੍ਰੈਲ ਤੱਕ 10.34 ਕਰੋੜ ਵੈਕਸੀਨ ਡੋਜ਼ ‘ਚੋਂ 44,78 ਲੱਖ ਡੋਜ਼ ਬਰਬਾਦ ਹੋ ਗਏ ਹਨ। ਵੈਕਸੀਨ ਬਰਬਾਦੀ ਦੇ ਮਾਮਲੇ ‘ਚ ਤਮਿਲਨਾਡੂ ਸਭ ਤੋਂ ਅੱਗੇ ਹੈ, ਜਦਕਿ ਇਸ ਲਿਸਟ ‘ਚ ਹਰਿਆਣਾ ਦੂਜੇ ਅਤੇ ਪੰਜਾਬ ਤੀਜੇ ਨੰਬਰ ‘ਤੇ ਹੈ। ਹਰਿਆਣਾ ‘ਚ ਹੁਣ ਤੱਕ ਕਰੀਬ 9.74 ਫ਼ੀਸਦ ਵੈਕਸੀਨ ਬਰਬਾਦ ਹੋਈ ਹੈ, ਉਥੇ ਹੀ ਪੰਜਾਬ ‘ਚ 8.12 ਫ਼ੀਸਦ ਡੋਜ਼ ਵੱਖ-ਵੱਖ ਕਾਰਨਾਂ ਕਰਕੇ ਖਰਾਬ ਹੋਈ ਹੈ।
ਇਹਨਾਂ ਸੂਬਿਆਂ ‘ਚ ਵੈਕਸੀਨ ਦੀ ਵੇਸਟੇਜ ਨਹੀਂ
ਦੇਸ਼ ਦੇ ਕੁਝ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਜਿਹੇ ਵੀ ਹਨ, ਜਿਥੇ ਵੈਕਸੀਨ ਦੀ ਬਰਬਾਦੀ ਨਹੀਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ, ਕੇਰਲ, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਮਿਜ਼ੋਕਮ, ਗੋਆ, ਦਮਨ ਐਂਡ ਦੀਵ, ਅੰਡਮਾਨ ਨੀਕੋਬਾਰ ਆਈਲੈਂਡ ਅਤੇ ਲਕਸ਼ਦਵੀਪ ‘ਚ ਵੈਕਸੀਨ ਦੀ ਬਰਬਾਦੀ ਨਹੀਂ ਹੋਈ ਹੈ। ਦੇਸ਼ ‘ਚ ਬੀਤੀ 16 ਜਨਵਰੀ ਤੋਂ ਵੈਕਸੀਨ ਪ੍ਰੋਗਰਾਮ ਸ਼ੁਰੂ ਹੋ ਗਿਆ ਸੀ।
ਕਿਉਂ ਬਰਬਾਦ ਹੁੰਦੀ ਹੈ ਵੈਕਸੀਨ ?
ਦਰਅਸਲ, ਵੈਕਸੀਨ ਦੀ ਇਕ ਸ਼ੀਸ਼ੀ ‘ਚ 10 ਲੋਕਾਂ ਦੀ ਡੋਜ਼ ਹੁੰਦੀ ਹੈ। ਪਰ ਕਈ ਥਾਈਂ 10 ਤੋਂ ਘਟ ਲੋਕਾਂ ਲਈ ਸ਼ੀਸ਼ੀ ਖੋਲ੍ਹੀ ਜਾਂਦੀ ਹੈ, ਜਿਸਦੇ ਚਲਦੇ ਬਾਕੀ ਡੋਜ਼ ਬਰਬਾਦ ਹੋ ਜਾਂਦੇ ਹਨ। ਮਿਸਾਲ ਦੇ ਤੌਰ ‘ਤੇ, ਜੇਕਰ ਵੈਕਸੀਨ ਲਈ ਲੈਬ ‘ਚ 5 ਲੋਕ ਮੌਜੂਦ ਹਨ ਅਤੇ ਜੇਕਰ ਉਹਨਾਂ 5 ਲੋਕਾਂ ਦੇ ਟੀਕਾਕਰਨ ਲਈ ਸ਼ੀਸ਼ੀ ਖੋਲ੍ਹੀ ਜਾਵੇ, ਤਾਂ ਬਾਕੀ ਦੇ 5 ਡੋਜ਼ ਵੇਸਟ ਹੋ ਜਾਣਗੇ। ਇਸ ਲਈ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਸ਼ੀਸ਼ੀ ਉਸ ਵੇਲੇ ਖੋਲ੍ਹੀ ਜਾਵੇ, ਜਦੋਂ ਵੈਕਸੀਨ ਲਗਵਾਉਣ ਲਈ 10 ਲੋਕ ਮੌਜੂਦ ਹੋਣ।