ਬਿਓਰੋ। ਪੰਜਾਬ ‘ਚ ਕੋਰੋਨਾ ਦੀ ਖ਼ਤਰਨਾਕ ਰਫਤਾਰ ਰੁਕਣ ਦਾ ਨਾੰਅ ਨਹੀਂ ਲੈ ਰਹੀ। ਪਿਛਲੇ 24 ਘੰਟਿਆਂ ‘ਚ 4970 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ‘ਚੋਂ ਸਭ ਤੋਂ ਵੱਧ ਕੇਸ ਮੁੜ ਲੁਧਿਆਣਾ ਤੋਂ ਰਿਪੋਰਟ ਹੋਏ ਹਨ। ਲੁਧਿਆਣਾ ‘ਚ ਕੋਰੋਨਾ ਦੇ 879 ਨਵੇਂ ਮਰੀਜ਼ ਮਿਲੇ ਹਨ, ਜਦਕਿ ਮੋਹਾਲੀ ‘ਚ 692, ਪਟਿਆਲਾ ‘ਚ 462 ਅਤੇ ਜਲੰਧਰ ‘ਚ 422 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਮੌਤਾਂ ਦੇ ਅੰਕੜਿਆਂ ਦੀ ਗੱਲ ਕਰੀਏ, ਤਾਂ ਪਿਛਲੇ 24 ਘੰਟਿਆਂ ‘ਚ ਸੂਬੇ ‘ਚ 69 ਲੋਕਾਂ ਦੀ ਮੌਤ ਹੋਈ ਹੈ। ਇਹਨਾਂ ‘ਚ ਸਭ ਤੋਂ ਵੱਧ ਮੌਤਾਂ ਅੰਮ੍ਰਿਤਸਰ ‘ਚ ਹੋਈਆਂ ਹਨ। ਅੰਮ੍ਰਿਤਸਰ ‘ਚ 10, ਫ਼ਿਰੋਜ਼ਪੁਰ-ਲੁਧਿਆਣਾ ‘ਚ 7-7 ਅਤੇ ਮੋਹਾਲੀ ‘ਚ 6 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜ ਦਿੱਤਾ।
ਓਧਰ ਹਰਿਆਣਾ ‘ਚ ਵੀ ਕੋਰੋਨਾ ਨੇ ਕੋਹਰਾਮ ਮਚਾਇਆ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਹਰਿਆਣਾ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਕੋਰੋਨਾ ਵਿਸਫੋਟ ਹੋਇਆ ਹੈ। ਇਥੇ ਪਹਿਲੀ ਵਾਰ ਇੱਕ ਦਿਨ ‘ਚ ਕਰੀਬ 10 ਹਜ਼ਾਰ ਕੇਸ ਸਾਹਮਣੇ ਆਏ ਹਨ। 24 ਘੰਟਿਆਂ ‘ਚ 9623 ਕੇਸ ਰਿਪੋਰਟ ਹੋਏ ਹਨ ਅਤੇ 45 ਲੋਕਾਂ ਦੀ ਮੌਤ ਹੋਈ ਹੈ। ਹਰਿਆਣਾ ‘ਚ ਗੁਰੂਗ੍ਰਾਮ ਕੋਰੋਨਾ ਦਾ ਸਭ ਤੋਂ ਵੱਡਾ ਹੌਟਸਪੌਟ ਸਾਬਿਤ ਹੋ ਰਿਹਾ ਹੈ। 24 ਘੰਟਿਆਂ ‘ਚ ਗੁਰੂਗ੍ਰਾਮ ‘ਚ 2988 ਕੇਸ ਸਾਹਮਣੇ ਆਏ ਹਨ, ਜਦਕਿ ਫਰੀਦਾਬਾਦ ‘ਚ 1339 ਲੋਕ ਕੋਰੋਨਾ ਦੀ ਚਪੇਟ ‘ਚ ਆਏ ਹਨ। ਪਾਣੀਪਤ, ਕਰਨਾਲ ਅਤੇ ਹਿਸਾਰ ‘ਚ 500-500 ਤੋਂ ਵੱਧ ਕੋਰੋਨਾ ਕੇਸ ਮਿਲੇ ਹਨ।