ਬਿਓਰੋ। ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਸਿੱਧੇ ਆਪਣੀ ਹੀ ਸਰਕਾਰ ‘ਤੇ ਸਵਾਲ ਖੜ੍ਹੇ ਕਰਨ ਵਾਲੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਹੁਣ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਦਾ ਸਾਥ ਮਿਲਿਆ ਹੈ। ਫੂਲਕਾ ਨੇ ਸਿੱਧੂ ਨੂੰ ਪੱਤਰ ਲਿਖ ਕੇ ਆਪਣੀ ਸਰਕਾਰ ਖਿਲਾਫ਼ ਠੋਕ ਕੇ ਖੜ੍ਹਨ ਅਤੇ ਜਵਾਬਦੇਹੀ ਮੰਗਣ ਲਈ ਕਿਹਾ ਹੈ।
ਆਪਣੀ ਚਿੱਠੀ ‘ਚ ਫੂਲਕਾ ਨੇ ਸਿੱਧੂ ਨੂੰ ਉਸ ਵੇਲੇ ਦੀ ਯਾਦ ਕਰਵਾਈ, ਜਦੋਂ ਵਿਧਾਨ ਸਭਾ ‘ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬਹਿਸ ਚੱਲ ਰਹੀ ਸੀ। ਫੂਲਕਾ ਨੇ ਕਿਹਾ, “ਤੁਸੀਂ ਵਿਧਾਨ ਸਭਾ ‘ਚ ਝੋਲੀ ਅੱਡ ਕੇ ਇਨਸਾਫ਼ ਦੀ ਮੰਗ ਕੀਤੀ ਸੀ, ਪਰ ਹੁਣ ਮੌਕਾ ਝੋਲੀ ਅੱਡਣ ਦਾ ਨਹੀਂ, ਠੋਕਣ ਦਾ ਆ ਗਿਆ ਹੈ। ਇਸ ਲਈ ਤੁਸੀਂ ਹੁਣ ਆਪਣੀ ਅਸਲ ਰੰਗਤ ‘ਚ ਆ ਜਾਓ ਅਤੇ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਅੱਗੇ ਹੋ ਕੇ ਠੋਕੋ।”
ਫੂਲਕਾ ਨੇ ਅੱਗੇ ਕਿਹਾ, “ਵਿਧਾਨ ਸਭਾ ‘ਚ ਜਦੋਂ ਮੈਂ ਕਿਹਾ ਸੀ ਕਿ ਮਤੇ ਸਹੀ ਪਾਸ ਨਹੀਂ ਹੋਏ, ਤਾਂ ਤੁਸੀਂ ਮੈਨੂੰ 3 ਮਹੀਨੇ ਉਡੀਕਣ ਲਈ ਕਿਹਾ ਸੀ। ਪਰ ਹੁਣ ਢਾਈ ਸਾਲ ਹੋ ਚੁੱਕੇ ਹਨ। ਅਸੀਂ ਅੱਜ ਵੀ ਉਥੇ ਹੀ ਖੜ੍ਹੇ ਹਾਂ, ਜਿਥੇ ਢਾਈ ਸਾਲ ਪਹਿਲਾਂ ਖੜ੍ਹੇ ਸੀ। ਇਸ ਲਈ ਹੁਣ ਗਰਜਣ ਲਈ ਵਰਸਣ ਦਾ ਸਮਾਂ ਹੈ।”
ਸਪੈਸ਼ਲ ਸੈਸ਼ਨ ਸੱਦੇ ਜਾਣ ਦੀ ਮੰਗ
ਫੂਲਕਾ ਨੇ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ‘ਤੇ ਬਹਿਸ ਲਈ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦੇ ਜਾਣ ਦੀ ਮੰਗ ਕਰਨ ਅਤੇ ਸੈਸ਼ਨ ਦੌਰਾਨ ਸਰਕਾਰ ਕੋਲੋਂ ਜਵਾਬਦੇਹੀ ਮੰਗੀ ਜਾਵੇ ਕਿ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਇਸ ਕੇਸ ‘ਚ ਕੁਝ ਕਿਉਂ ਨਹੀਂ ਹੋਇਆ ?
‘ਦੋਸ਼ੀਆਂ ਨੂੰ ਬਚਾਉਣ ਵਾਲੇ SIT ਮੈਂਬਰਾਂ ‘ਤੇ ਹੋਵੇ ਕਾਰਵਾਈ’
ਫੂਲਕਾ ਨੇ ਕਿਹਾ ਕਿ SIT ‘ਚ ਕੁਝ ਮੁਲਾਜ਼ਮ ਸਿਰਫ਼ ਮੁਲਜ਼ਮਾਂ ਨੂੰ ਬਚਾਉਣ ਲਈ ਖੜ੍ਹੇ ਕੀਤੇ ਗਏ ਸਨ। ਉਹਨਾਂ ਨੇ ਸਿਰਫ਼ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ‘ਚ ਅੜਚਨਾਂ ਪਾਉਣ ਦਾ ਕੰਮ ਕੀਤਾ। ਅਜਿਹੇ ਮੈਂਬਰਾਂ ਖਿਲਾਫ਼ ਕਾਰਵਾਈ ਹੋਵੇ ਅਤੇ ਉਹਨਾਂ ਦੀ ਜਾਂਚ ਲਈ ਜਲਦ ਤੋਂ ਜਲਦ ਇਹ ਕੇਸ ਚੀਫ਼ ਵਿਜੀਲੈਂਸ ਕਮਿਸ਼ਨਰ ਨੂੰ ਦਿੱਤਾ ਜਾਵੇ।
‘ਰਿਟਾ. ਜੱਜ ਦੀ ਸਲਾਹ ‘ਤੇ ਚੱਲੇ ਸਰਕਾਰ’
ਚਿੱਠੀ ‘ਚ ਫੂਲਕਾ ਨੇ ਇਹ ਵੀ ਇਲਜ਼ਾਮ ਕੀਤਾ ਕਿ ਸਰਕਾਰ ਦੀ ਕਾਨੂੰਨੀ ਟੀਮ ਦੀ ਨਾਕਾਮੀ ਦੇ ਚਲਦੇ ਅੱਜ ਇਹ ਦਿਨ ਵੇਖਣਾ ਪੈ ਰਿਹਾ ਹੈ। ਲਿਹਾਜ਼ਾ ਉਹਨਾਂ ਮੰਗ ਕੀਤੀ ਕਿ ਇਹ ਕੇਸ ਕਿਸੇ ਸੁਲਝੇ ਹੋਏ ਰਿਟਾਇਰਡ ਜੱਜ ਦੀ ਸਲਾਹ ‘ਤੇ ਚਲਾਇਆ ਜਾਵੇ। ਉਹਨਾਂ ਇਸਦੇ ਲਈ ਜਸਟਿਸ ਮਹਿਤਾਬ ਸਿੰਘ ਗਿੱਲ ਦੇ ਨਾੰਅ ਦੀ ਪੇਸ਼ਕਸ਼ ਕੀਤੀ। ਨਾਲ ਹੀ ਕਿਹਾ ਕਿ ਜੇਕਰ ਸਰਕਾਰ ਉਹਨਾਂ ਨੂੰ ਅੱਗੇ ਨਹੀਂ ਲਿਆ ਸਕਦੀ, ਤਾਂ ਜਸਟਿਸ ਰਜੀਤ ਸਿੰਘ ਨੂੰ ਸਲਾਹਕਾਰ ਲਾ ਕੇ ਉਹਨਾਂ ਦੀ ਨਿਗਰਾਨੀ ‘ਚ ਕੇਸ ਅੱਗੇ ਵਧਾਇਆ ਜਾ ਸਕਦਾ ਹੈ।
‘ਢਾਈ ਸਾਲਾਂ ਮਗਰੋਂ ਅਸੀਂ ਸੁੱਤੇ ਪਏ ਹਾਂ’
ਚਿੱਠੀ ਦੇ ਅਖੀਰ ‘ਚ ਐੱਚ.ਐੱਸ. ਫੂਲਕਾ ਨੇ ਸਿੱਧੂ ਨੂੰ ਇਹ ਵੀ ਕਿਹਾ, “ਤੁਸੀਂ ਅਗਸਤ 2018 ‘ਚ ਇਹ ਕਿਹਾ ਸੀ ਕਿ ਮੈਨੂੰ ਇਹ ਸਾਰਾ ਕੁਝ ਵੇਖ ਕੇ ਨੀਂਦ ਨਹੀਂ ਆ ਰਹੀ। ਪਰ ਅੱਜ ਢਾਈ ਸਾਲਾਂ ਬਾਅਦ ਵੀ ਅਸੀਂ ਕਿਉਂ ਸੁੱਤੇ ਪਏ ਹਾਂ।” ਉਹਨਾਂ ਸਵਾਲ ਕੀਤਾ, “ਕੀ ਅੱਜ ਸਾਡੀ ਨੀਂਦ ਉਸ ਵੇਲੇ ਨਾਲੋਂ ਵੀ ਜ਼ਿਆਦਾ ਖਰਾਬ ਨਹੀਂ ਹੋਣੀ ਚਾਹੀਦੀ ਸੀ? ਇਸ ਕਰਕੇ ਹੁਣ ਇੱਕ ਦਿਨ ਦੀ ਵੀ ਦੇਰੀ ਨਾ ਕੀਤੀ ਜਾਵੇ। ਮੈਨੂੰ ਉਮੀਦ ਹੈ ਕਿ ਤੁਸੀਂ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਅੱਗੇ ਆ ਕੇ ਪਹਿਲ ਕਰੋਗੇ।”