ਬਿਓਰੋ। ਪੰਜਾਬ ‘ਚ ਕੋਰੋਨਾ ਦੀ ਰਫ਼ਤਾਰ ਪੂਰੇ ਜ਼ੋਰਾਂ ‘ਤੇ ਹੈ। ਰੋਜ਼ਾਨਾ 7-8 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ ਅਤੇ 100 ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਇਸ ਸਭ ਦੇ ਵਿਚਾਲੇ ਲਾਪਰਵਾਹੀ ਦਾ ਦੌਰ ਫਿਰ ਵੀ ਘੱਟ ਨਹੀਂ ਹੋ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਆਮ ਲੋਕਾਂ ਦੇ ਨਾਲ ਕਈ ਨਾਮੀ ਸਿਤਾਰੇ ਵੀ ਇਸ ਸੂਚੀ ‘ਚ ਸ਼ੁਮਾਰ ਹਨ। ਜਿੰਮੀ ਸ਼ੇਰਗਿੱਲ, ਗਿੱਪੀ ਗਰੇਵਾਲ ਤੇ ਉਪਾਸਨਾ ਸਿੰਘ ਤੋਂ ਬਾਅਦ ਹੁਣ ਇਸ ਸੂਚੀ ‘ਚ ਕਾਮੇਡੀਅਨ ਸੁਗੰਧਾ ਮਿਸ਼ਰਾ ਦਾ ਨਾੰਅ ਵੀ ਜੁੜ ਗਿਆ ਹੈ।
ਵਿਆਹ ‘ਚ ਭੀੜ ਜੁਟਾਉਣ ਲਈ ਸੁਗੰਧਾ ‘ਤੇ FIR
ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੀ ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਖਿਲਾਫ਼ ਫਗਵਾੜਾ ‘ਚ ਕੋਵਿਡ ਪ੍ਰੋਟੋਕਾਲ ਤੋੜਨ ਦੇ ਤਹਿਤ FIR ਦਰਜ ਹੋਈ ਹੈ। ਇਲਜ਼ਾਮ ਹੈ ਕਿ ਉਹਨਾਂ ਦੇ ਵਿਆਹ ਸਮਾਗਮ ‘ਚ ਪਾਬੰਦੀ ਨਾਲੋਂ ਵੱਧ ਭੀੜ ਜੁਟਾਈ ਗਈ ਸੀ। ਇਸਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਅਤੇ ਪੁਲਿਸ ਦੇ ਨੋਟਿਸ ‘ਚ ਆਉਣ ‘ਤੇ ਫੌਰਨ ਕੇਸ ਦਰਜ ਕਰ ਲਿਆ ਗਿਆ। ਸੁਗੰਧਾ ਤੋਂ ਇਲਾਵਾ ਸਬੰਧਤ ਹੋਟਲ ਦੇ ਪ੍ਰਬੰਧਕਾਂ ਦੇ ਖਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਦੱਸ ਦਈਏ ਕਿ 9 ਦਿਨ ਪਹਿਲਾਂ ਹੀ ਕਾਮੇਡੀਅਨ ਅਤੇ ਪਲੇਬੈਕ ਸਿੰਗਰ ਸੁਗੰਧਾ ਮਿਸ਼ਰਾ ਦਾ ਵਿਅਾਹ ਕਾਮੇਡੀਅਨ ਡਾ. ਸੰਕੇਤ ਭੌਂਸਲੇ ਨਾਲ ਹੋਇਆ ਹੈ। 26 ਅਪ੍ਰੈਲ ਨੂੰ ਇਹ ਸਮਾਰੋਹ ਫਗਵਾੜਾ ਸਥਿਤ ਕਲੱਬ ਕਬਾਨਾ ਰਿਜ਼ੋਰਟ ‘ਚ ਹੋਇਆ ਸੀ। FIR ਦੇ ਮੁਤਾਬਕ, ਇਸ ਵਿਆਹ ਸਮਾਗਮ ‘ਚ 100 ਤੋਂ ਵੱਧ ਲੋਕ ਜਮ੍ਹਾਂ ਸਨ, ਜਦਕਿ ਸਰਕਾਰ ਵੱਲੋਂ 40 ਤੋਂ ਵੱਧ ਦੇ ਇਕੱਠਾ ਹੋਣ ‘ਤੇ ਵੀ ਪਾਬੰਦੀ ਸੀ।
ਜਿੰਮੀ ਸ਼ੇਰਗਿੱਲ ਨੇ ਵੀ ਤੋੜੇ ਨਿਯਮ
ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਦੇ ਮਾਮਲੇ ‘ਚ ਪੰਜਾਬੀ ਫਿਲਮ ਅਦਾਕਾਰ ਜਿੰਮੀ ਸ਼ੇਰਗਿੱਲ ਵੀ ਫਸ ਚੁੱਕੇ ਹਨ। ਜਿੰਮੀ ਸ਼ੇਰਗਿੱਲ ਪਿਛਲੇ ਦਿਨੀਂ ਲੁਧਿਆਣਾ ‘ਚ ਦੇਰ ਰਾਤ ਕਰਫਿਊ ਦੌਰਾਨ ਸ਼ੂਟਿੰਗ ਕਰਦੇ ਨਜ਼ਰ ਆਏ ਸਨ। ਮਾਮਲੇ ਦਾ ਪਤਾ ਚਲਦੇ ਹੀ ਪੁਲਿਸ ਨੇ ਜਿੰਮੀ ਸ਼ੇਰਗਿੱਲ ਸਣੇ 4 ਲੋਕਾਂ ਦੇ ਖਿਲਾਫ਼ ਕੇਸ ਦਰਜ ਕਰ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਬਾਅਦ ‘ਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਗਿੱਪੀ ਗਰੇਵਾਲ ਵੀ ਵਿਵਾਦਾਂ ‘ਚ
ਕੋਰੋਨਾ ਕਾਲ ‘ਚ ਨਿਯਮ ਤੋੜਨ ‘ਚ ਗਿੱਪੀ ਗਰੇਵਾਲ ਵੀ ਪਿੱਛੇ ਨਹੀਂ ਹਨ। ਗਿੱਪੀ ਪਿਛਲੇ ਦਿਨੀਂ ਵੀਕੈਂਡ ਲਾਕਡਾਊਨ ਦੇ ਦੌਰਾਨ ਬਿਨ੍ਹਾਂ ਇਜਾਜ਼ਤ ਲਏ ਪਟਿਆਲਾ ਦੇ ਬਨੂੜ ‘ਚ ਪੂਰੇ ਲਾਮ-ਲਸ਼ਕਰ ਦੇ ਨਾਲ ਇੱਕ ਫ਼ਿਲਮ ਦੀ ਸ਼ੂਟਿੰਗ ਕਰਦੇ ਨਜ਼ਰ ਆਏ। ਪੁਲਿਸ ਨੂੰ ਜਾਣਕਾਰੀ ਮਿਲੀ, ਤਾਂ ਪੁਲਿਸ ਨੇ ਰੇਡ ਕਰਕੇ ਨਾ ਸਿਰਫ਼ ਸ਼ੂਟਿੰਗ ਰੁਕਵਾਈ, ਬਲਕਿ ਗਿੱਪੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਹਾਲਾਂਕਿ ਜਲਦੀ ਹੀ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ।
ਉਪਾਸਨਾ ਸਿੰਘ ‘ਤੇ ਵੀ ਕੇਸ
ਮਸ਼ਹੂਰ ਫ਼ਿਲਮ ਅਦਾਕਾਰਾ ਉਪਾਸਨਾ ਸਿੰਘ ‘ਤੇ ਵੀ ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਪਾਸਨਾ ਸਿੰਘ ਅਤੇ ਉਹਨਾਂ ਦੀ ਟੀਮ ਮੋਰਿੰਡਾ ਸ਼ੂਗਰ ਮਿੱਲ ‘ਚ ਇੱਕ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। ਪੁਲਿਸ ਨੂੰ ਇਸ ਸ਼ੂਟਿੰਗ ਦੀ ਜਾਣਕਾਰੀ ਮਿਲ ਗਈ, ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸ਼ੂਟਿੰਗ ਬੰਦ ਕਰਵਾ ਦਿੱਤੀ ਅਤੇ ਮਾਮਲਾ ਦਰਜ ਕਰ ਲਿਆ।