ਚੰਡੀਗੜ੍ਹ। 2022 ਤੋਂ ਪਹਿਲਾਂ ਪੰਜਾਬ ‘ਚ ਮੁੜ ਸਿਆਸੀ ਜੋੜ-ਤੋੜ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਿਛਲੇ 4 ਸਾਲਾਂ ਤੋਂ ਕੈਪਟਨ ਸਰਕਾਰ ਨੂੁੰ ਪਾਣੀ ਪੀ-ਪੀ ਕੇ ਕੋਸਣ ਵਾਲੇ ਸੁਖਪਾਲ ਖਹਿਰਾ ਨੇ ਹੁਣ ਫਿਰ ਕਾਂਗਰਸ ਦਾ ‘ਹੱਥ’ ਫੜ ਲਿਆ ਹੈ। ਕਰੀਬ 6 ਸਾਲਾਂ ਬਾਅਦ ਖਹਿਰਾ ਨੇ ਕਾਂਗਰਸ ‘ਚ ਵਾਪਸੀ ਕੀਤੀ ਹੈ। ਵੀਰਵਾਰ ਨੂੰ ਸੀਐੱਮ ਦੇ ਦਿੱਲੀ ਰਵਾਨਾ ਹੋਣ ਤੋਂ ਠੀਕ ਪਹਿਲਾਂ ਖਹਿਰਾ ਆਪਣੇ 2 ਸਾਥੀ ਵਿਧਾਇਕਾਂ ਦੇ ਨਾਲ ਹੈਲੀਪੈਡ ‘ਤੇ ਪਹੁੰਚੇ ਅਤੇ ਸੀਐੱਮ ਦੀ ਮੌਜੂਦਗੀ ‘ਚ ਕਾਂਗਰਸ ‘ਚ ਸ਼ਾਮਲ ਹੋ ਗਏ।
ਖਹਿਰਾ ਦੇ ਨਾਲ ਜਿਹੜੇ 2 ਵਿਧਾਇਕਾਂ ਨੇ ਕਾਂਗਰਸ ਦਾ ਹੱਥ ਫੜਿਆ ਹੈ, ਉਹਨਾਂ ‘ਚ ਪਿਰਮਲ ਸਿੰਘ ਖਾਲਸਾ ਅਤੇ ਜਗਦੇਵ ਕਮਾਲੂ ਸ਼ਾਮਲ ਹਨ। ਇਹ ਤਿੰਨੇ ਵਿਧਾਇਕ ‘ਆਪ’ ਦੀ ਟਿਕਟ ‘ਤੇ 2017 ਦੀਆਂ ਚੋਣਾਂ ਜਿੱਤੇ ਸਨ, ਪਰ 2018 ਖਤਮ ਹੁੰਦੇ-ਹੁੰਦੇ ਇਹਨਾਂ ਦੀਆਂ ਰਾਹਾਂ ਪਾਰਟੀ ਤੋਂ ਵੱਖ ਹੋ ਗਈਆਂ।
ਹੈਲੀਪੈਡ ‘ਤੇ ਜੁਆਇਨਿੰਗ ਦੇ ਕੀ ਮਾਇਨੇ ?
ਤਿੰਨੇ ਵਿਧਾਇਕਾਂ ਦੀ ਕਾਂਗਰਸ ‘ਚ ਵਾਪਸੀ ਨਾਲੋਂ ਵੀ ਵੱਧ ਚਰਚਾ ਇਸਦੀ ਹੈ ਕਿ ਇਹਨਾਂ ਨੂੰ ਹੈਲੀਪੈਡ ‘ਤੇ ਬੁਲਾ ਕੇ ਸ਼ਾਮਲ ਕਰਵਾਉਣ ਦੀ ਆਖਰ ਕੀ ਲੋੜ ਸੀ। ਸਿਆਸੀ ਮਾਹਰ ਕਹਿੰਦੇ ਹਨ ਕਿ ਦਿੱਲੀ ‘ਚ ਜਾਰੀ ਮੀਟਿੰਗਾਂ ‘ਚ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਪੰਜਾਬ ਦੀ ਲੀਡਰਸ਼ਿਪ ‘ਚ ਬਦਲਾਅ ਦੀ ਮੰਗ ਕੀਤੀ ਹੈ। ਲਿਹਾਜ਼ਾ ਸੀਐੱਮ ਹਾਈਕਮਾਨ ਵੱਲੋਂ ਗਠਿਤ ਕਮੇਟੀ ਦੇ ਸਾਹਮਣੇ ਬੈਕਫੁੱਟ ਵਾਲੀ ਸਥਿਤੀ ਨਹੀਂ ਚਾਹੁੰਦੇ ਸਨ। ਇਸੇ ਲਈ ਆਨਨ-ਫਾਨਨ ‘ਚ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਤਿੰਨੇ ਵਿਧਾਇਕਾਂ ਨੂੰ ਹੈਲੀਪੈਡ ‘ਤੇ ਹੀ ਪਾਰਟੀ ‘ਚ ਸ਼ਾਮਲ ਕਰਵਾ ਕੇ ਆਪਣਾ ਸਿਆਸੀ ਕੱਦ ਉੱਚਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਜਲਦ ਹੀ ਰਸਮੀ ਤੌਰ ‘ਤੇ ਸ਼ਾਮਲ ਹੋਣਗੇ ਵਿਧਾਇਕ- CM
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਹਨਾਂ ਵਿਧਾਇਕਾਂ ਦਾ ਪਾਰਟੀ ‘ਚ ਸਵਾਗਤ ਕੀਤਾ ਹੈ। ਨਾਲ ਹੀ ਲਿਖਿਆ, “ਜਲਦੀ ਹੀ ਰਸਮੀ ਤੌਰ ‘ਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ।”
‘ਆਪ’ ‘ਚ ਸ਼ਾਮਲ ਹੋਣਾ ਸਭ ਤੋਂ ਵੱਡੀ ਭੁੱਲ ਸੀ- ਖਹਿਰਾ
ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ‘ਤੇ ਜੰਮ ਕੇ ਵਰ੍ਹੇ। ਖਹਿਰਾ ਨੇ ਕਿਹਾ, “ਆਪ ਨੂੰ ਜੁਆਇਨ ਕਰਨਾ ਮੇਰੇ ਸਿਆਸੀ ਕਰੀਅਰ ਦੀ ਸਭ ਤੋਂ ਵੱਡੀ ਭੁੱਲ ਸੀ। ਮੈਂ ਕੇਜਰੀਵਾਲ ਜੇ ਝਾਂਸੇ ‘ਚ ਆ ਗਿਆ।” ਖਹਿਰਾ ਨੇ ਕਿਹਾ ਕਿ ਉਹਨਾਂ ਨੇ ਪੰਜਾਬ ‘ਚ ਇੱਕ ਨਵਾਂ ਵਿਕਲਪ ਦੇਣ ਦੀ ਵੀ ਕੋਸ਼ਿਸ਼ ਕੀਤੀ, ਪਰ ਇਸ ‘ਚ ਉਹ ਕਾਮਯਾਬ ਨਹੀਂ ਹੋਏ। ਖਹਿਰਾ ਮੁਤਾਬਕ, ਉਹਨਾਂ ਨੂੰ ਪੰਜਾਬ ਦੇ ਮੁੱਦੇ ਮਜਬੂਤੀ ਨਾਲ ਚੁੱਕਣ ਲਈ ਸਹੀ ਪਲੇਟਫਾਰਮ ਦੀ ਲੋੜ ਸੀ, ਜੋ ਸਿਰਫ਼ ਕਾਂਗਰਸ ਹੀ ਦੇ ਸਕਦੀ ਹੈ।
‘ਆਪ’ ਨੂੰ ਫਰਕ ਨਹੀਂ ਪੈਂਦਾ- ਭਗਵੰਤ ਮਾਨ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਲਈ ਸੁਖਪਾਲ ਖਹਿਰਾ ਕੋਈ ਅਹਿਮੀਅਤ ਨਹੀਂ ਰਖਦੇ ਅਤੇ ਇਸੇ ਕਾਰਨ ਬਹੁਤ ਸਾਲ ਪਹਿਲਾਂ ਪਾਰਟੀ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ ਸੀ। ਮਾਨ ਨੇ ਤੰਜ ਕਸਦੇ ਹੋਏ ਕਿਹਾ ਕਿ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ‘ਚ ਰਹਿੰਦੇ ਹੋਏ ਇਹ ਸਵਾਲ ਕਰਦੇ ਸਨ ਕਿ ਉਹਨਾਂ ਨੂੰ ਆਪਣੇ ਦਮ ‘ਤੇ ਪੰਜਾਬ ‘ਚ ਫ਼ੈਸਲੇ ਨਹੀਂ ਲੈਣ ਦਿੱਤੇ ਜਾ ਰਹੇ, ਤਾਂ ਕੀ ਹੁਣ ਕਾਂਗਰਸ ਹਾਈਕਮਾਨ ਭੁਲੱਥ ਆ ਕੇ ਪਾਰਟੀ ਦੇ ਫ਼ੈਸਲੇ ਲਵੇਗਾ।
ਕਾਂਗਰਸ ਤੇ ‘ਆਪ’ ਇੱਕ ਹੀ ਪਾਰਟੀ- ਸੁਖਬੀਰ
ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ, “ਆਮ ਆਦਮੀ ਪਾਰਟੀ ਤੋਂ ਕੌਣ ਕਾਂਗਰਸ ‘ਚ ਜਾ ਰਿਹਾ ਹੈ ਅਤੇ ਕਾਂਗਰਸ ਤੋਂ ਕੌਣ ਆਮ ਆਦਮੀ ਪਾਰਟੀ ‘ਚ ਆ ਰਿਹਾ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਕਿਉਂਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਹੀ B-ਟੀਮ ਹੈ। ਇਸੇ ਕਾਰਨ ‘ਆਪ’ ਕੋਰੋਨਾ ਸੰਕਟ ‘ਚ ਪੰਜਾਬ ਸਰਕਾਰ ਦੀ ਨਕਾਮੀ ‘ਤੇ ਵੀ ਸਵਾਲ ਖੜ੍ਹੇ ਨਹੀਂ ਕਰ ਰਹੀ, ਜਦਕਿ ਉਹ ਮੁੱਖ ਵਿਰੋਧੀ ਧਿਰ ਹੈ।
ਪਹਿਲਾਂ ਵੀ ਕਰੀਬ 18 ਸਾਲ ਕਾਂਗਰਸ ‘ਚ ਰਹੇ
ਸੁਖਪਾਲ ਖਹਿਰਾ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਾਂਗਰਸ ਨਾਲ ਹੀ ਕੀਤੀ। 1997 ‘ਚ ਉਹ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ। 1997 ‘ਚ ਹੀ ਉਹ ਪਹਿਲੀ ਵਾਰ ਚੋਣ ਦੰਗਲ ‘ਚ ਨਿਤਰੇ, ਪਰ ਹਾਰ ਗਏ। 2002 ‘ਚ ਵੀ ਉਹਨਾਂ ਨੂੰ ਭੁਲੱਥ ਵਿਧਾਨ ਸਭਾ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਪਰ 2007 ‘ਚ ਚੋਣ ਜਿੱਤਣ ‘ਚ ਕਾਮਯਾਬ ਰਹੇ। ਇਸ ਤੋਂ ਬਾਅਦ 2009 ‘ਚ ਉਹਨਾਂ ਨੂੰ ਪਾਰਟੀ ਦਾ ਬੁਲਾਰਾ ਬਣਾਇਆ ਗਿਆ ਅਤੇ ਉਹਨਾਂ ਨੇ ਆਪਣੀ ਤੇਜ਼-ਤਰਾਰ ਸਾਖ ਦੀ ਵਜ੍ਹਾ ਨਾਲ ਵੱਖਰੀ ਪਛਾਣ ਬਣਾਈ।
2012 ‘ਚ ਸੁਖਪਾਲ ਖਹਿਰਾ ਨੇ ਮੁੜ ਭੁਲੱਥ ਤੋਂ ਆਪਣੀ ਕਿਸਮਤ ਅਜ਼ਮਾਈ, ਪਰ ਵਿਧਾਨ ਸਭਾ ਪਹੁੰਚਣ ‘ਚ ਨਾਕਾਮ ਰਹੇ। 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਉਹਨਾਂ ਨੇ ਕਾਂਗਰਸ ਪਾਰਟੀ ਦੇ ਬੁਲਾਰੇ ਵਜੋਂ ਅਸਤੀਫ਼ਾ ਦੇ ਦਿੱਤਾ ਅਤੇ 2015 ‘ਚ ਪਾਰਟੀ ਨੂੰ ਵੀ ਅਲਵਿਦਾ ਕਹਿ ਕੇ ‘ਆਪ’ ਦਾ ਝਾੜੂ ਫੜ ਲਿਆ। 2017 ‘ਚ ਖਹਿਰਾ ‘ਆਪ’ ਦੀ ਟਿਕਟ ‘ਤੇ ਚੋਣ ਜਿੱਤ ਕੇ ਨਾ ਸਿਰਫ ਵਿਧਾਨ ਸਭਾ ਪਹੁੰਚੇ, ਬਲਕਿ ਕੁਝ ਸਮੇਂ ਬਾਅਦ ਵਿਰੋਧੀ ਧਿਰ ਦੇ ਨੇਤਾ ਵੀ ਬਣਾਏ ਗਏ।
ਹਾਲਾਂਕਿ ਜਲਦ ਹੀ ਉਹਨਾਂ ਦੀ ‘ਆਪ’ ਆਗੂਆਂ ਨਾਲ ਵਿਗੜ ਗਈ। ਕੇਜਰੀਵਾਲ ਦੇ ਖਿਲਾਫ਼ ਬਿਆਨਬਾਜ਼ੀ ਕਰਨ ‘ਤੇ ਉਹਨਾਂ ਨੂੰ ਸਾਲ 2018 ‘ਚ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ। 2019 ਦੀ ਸ਼ੁਰੂਆਤ ‘ਚ ਸੁਖਪਾਲ ਖਹਿਰਾ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਅਤੇ ਲੋਕ ਸਭਾ ਚੋਣਾਂ ‘ਚ ਬਠਿੰਡਾ ਤੋਂ ਕਿਸਮਤ ਅਜ਼ਮਾਈ। ਪਰ ਖਹਿਰਾ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇ।