ਲੁਧਿਆਣਾ। ਪੰਜਾਬ ‘ਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਸਰਕਾਰ ਨੇ ਪੂਰੇ ਸੂਬੇ ‘ਚ ਤਮਾਮ ਪਾਬੰਦੀਆਂ ਲਗਾਈਆਂ ਹੋਈਆਂ ਹਨ। ਬਾਵਜੂਦ ਇਸਦੇ ਹਾਲਾਤ ਸੁਧਰਨ ਦਾ ਨਾੰਅ ਨਹੀਂ ਲੈ ਰਹੇ, ਬਲਕਿ ਆਏ ਦਿਨ ਅਜਿਹੇ ਅੰਕੜੇ ਸਾਹਮਣੇ ਆ ਰਹੇ ਹਨ, ਜੋ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਲਿਹਾਜ਼ਾ, ਹੁਣ ਸਥਾਨਕ ਪ੍ਰਸ਼ਾਸਨ ਵੱਲੋਂ ਅਹਿਤਿਆਤ ਵਜੋਂ ਕਦਮ ਚੁੱਕੇ ਜਾਣ ਲੱਗੇ ਹਨ। ਗੱਲ ਲੁਧਿਆਣਾ ਦੀ ਕਰੀਏ, ਤਾਂ ਇਹ ਜ਼ਿਲ੍ਹਾ ਇੱਕ ਵੱਡਾ ਹੌਟਸਪੌਟ ਬਣਿਆ ਹੋਇਆ ਹੈ। ਵੱਡੀ ਗਿਣਤੀ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਦੁਗਰੀ ‘ਚ ਅਰਬਨ ਇਸਟੇਟ, ਫੇਜ਼-1 ਅਤੇ ਅਰਬਨ ਇਸਟੇਟ ਫੇਜ਼-2 ਨੂੰ ਪੂਰੀ ਤਰ੍ਹਾਂ ਸੀਲ ਕਰਨ ਦਾ ਐਲਾਨ ਕੀਤਾ ਹੈ। ਯਾਨੀ ਇਹਨਾਂ ਦੋਵੇਂ ਇਲਾਕਿਆਂ ‘ਚ ਸੰਪੂਰਨ ਲਾਕਡਾਊਨ ਲੱਗਣ ਜਾ ਰਿਹਾ ਹੈ।
{LOCKDOWN ALERT} pic.twitter.com/4ivjRts83o
— DPRO LUDHIANA (@LudhianaDpro) April 18, 2021
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋਵੇਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ, ਜਿਸ ਤੋਂ ਬਾਅਦ ਅਲਰਟ ਜਾਰੀ ਕਰ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਦੋਵੇਂ ਇਲਾਕੇ ਰਾਤ 9 ਵਜੇ ਤੋਂ ਸੀਲ ਕੀਤੇ ਜਾਣਗੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਦਾ ਇੰਤਜ਼ਾਮ ਕਰ ਲੈਣ, ਇਸਦੇ ਲਈ ਰਾਤ 9 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਲੁਧਿਆਣਾ ‘ਚ ਰਿਕਾਰਡ ਤੋੜ ਰਿਹਾ ਕੋਰੋਨਾ
ਦੱਸ ਦਈਏ ਕਿ ਲੁਧਿਆਣਾ ਨੇ ਕੋਰੋਨਾ ਮਾਮਲਿਆਂ ‘ਚ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸ਼ਨੀਵਾਰ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੀ ਗੱਲ ਕਰੀਏ, ਤਾਂ ਪੂਰੇ ਜ਼ਿਲ੍ਹੇ ‘ਚ 835 ਨਵੇਂ ਕੇਸ ਰਿਪੋਰਟ ਕੀਤੇ ਗਏ ਹਨ। ਜ਼ਿਲ੍ਹੇ ‘ਚ ਕੋਰੋਨਾ ਦਾ ਪਾਜ਼ੀਟਿਵਿਟੀ ਰੇਟ 14.74 ਫ਼ੀਸਦ ਹੈ।