ਬਿਓਰੋ। ਕਤਲ ਕੇਸ ‘ਚ ਫਰਾਰ ਚੱਲ ਰਹੇ ਭਲਵਾਨ ਸੁਸ਼ੀਲ ਕੁਮਾਰ ਨੂੰ ਆਖਰਕਾਰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸੁਸ਼ੀਲ ਨੂੰ ਉਸਦੇ ਸਾਥੀ ਅਜੇ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ, ਦਿੱਲੀ ਦੇ ਮੁੰਡਕਾ ਇਲਾਕੇ ਤੋਂ ਦੋਵਾਂ ਦੀ ਗ੍ਰਿਫ਼ਤਾਰੀ ਹੋਈ ਹੈ।
#WATCH | A team of Delhi Police Special Cell arrested Wrestler Sushil Kumar; visuals from Saket Police Station.
(Source: Delhi Police) pic.twitter.com/tauURqxvC2
— ANI (@ANI) May 23, 2021
ਦੱਸਣਯੋਗ ਹੈ ਕਿ ਸੁਸ਼ੀਲ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁਲਿਸ ਨੇ ਪੰਜਾਬ ਦੇ ਬਠਿੰਡਾ, ਮੋਹਾਲੀ ਸਣੇ ਕਈ ਸੂਬਿਆਂ ‘ਚ ਤਾਬੜਤੋੜ ਛਾਪੇਮਾਰੀ ਕੀਤੀ ਸੀ। ਦਿੱਲੀ ਦੇ ਵੀ ਕਈ ਇਲਾਕਿਆਂ ‘ਚ ਪੁਲਿਸ ਨੇ ਰੇਡ ਮਾਰੀ, ਪਰ ਸੁਸ਼ੀਲ ਕੁਮਾਰ ਲਗਾਤਾਰ ਪੁਲਿਸ ਤੋਂ ਬੱਚਦਾ ਰਿਹਾ। ਇਸ ਵਿਚਾਲੇ ਸ਼ਨੀਵਾਰ ਨੂੰ ਲਗਾਤਾਰ ਇਹ ਅਫਵਾਹ ਵੀ ਉੱਡਦੀ ਰਹੀ ਕਿ ਸੁਸ਼ੀਲ ਨੂੰ ਜਲੰਧਰ ਨੇੜਿਓਂ ਕਾਬੂ ਕਰ ਲਿਆ ਗਿਆ ਹੈ।
2 ਦਿਨ ਪਹਿਲਾਂ ਬਠਿੰਡਾ ‘ਚ ਮਿਲੀ ਸੀ ਲੋਕੇਸ਼ਨ
ਪੁਲਿਸ ਨੂੰ 2 ਦਿਨ ਪਹਿਲਾਂ ਸੁਸ਼ੀਲ ਕੁਮਾਰ ਦੀ ਲੋਕੇਸ਼ਨ ਬਠਿੰਡਾ ‘ਚ ਮਿਲੀ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਉਹਨਾਂ ਦੀ ਭਾਲ ‘ਚ ਬਠਿੰਡਾ ਪਹੁੰਚੀ ਸੀ।ਜਾਣਕਾਰੀ ਮੁਤਾਬਕ, ਸੁਸ਼ੀਲ ਆਪਣੇ ਮਮੇਰੇ ਭਰਾ ਦੇ ਨਾਂਅ ‘ਤੇ ਜਾਰੀ ਸਿਮ ਇਸਤੇਮਾਲ ਕਰ ਰਿਹਾ ਸੀ।
ਉੱਤਰਾਖੰਡ ਵੱਲ ਜਾਂਦਾ CCTV ‘ਚ ਹੋਇਆ ਸੀ ਕੈਦ
ਬਠਿੰਡਾ ‘ਚ ਲੋਕੇਸ਼ਨ ਮਿਲਣ ਤੋਂ ਪਹਿਲਾਂ ਸੁਸ਼ੀਲ ਕੁਮਾਰ ਦੀ ਇੱਕ CCTV ਫੁਟੇਜ ਵੀ ਸਾਹਮਣੇ ਆਈ ਸੀ। ਇਸ ‘ਚ ਸੁਸ਼ੀਲ ਕਾਰ ‘ਚ ਕਿਸੇ ਹੋਰ ਸ਼ਖਸ ਨਾਲ ਬੈਠੇ ਹੋੇਏ ਨਜ਼ਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਫੁਟੇਜ ਮੇਰਠ ਟੋਲ ਪਲਾਜ਼ਾ ਦੀ ਹੈ, ਜਦੋਂ ਘਟਨਾ ਤੋਂ ਬਾਅਦ ਉਹ ਉੱਤਰਾਖੰਡ ਵੱਲ ਜਾ ਰਿਹਾ ਸੀ।
ਪੁਲਿਸ ਨੇ ਰੱਖਿਆ ਸੀ ਇੱਕ ਲੱਖ ਦਾ ਇਨਾਮ
ਮਰਡਰ ਕੇਸ ‘ਚ ਪਿਛਲੇ 18 ਦਿਨਾਂ ਤੋਂ ਪੁਲਿਸ ਦੀ ਭੱਜ-ਦੌੜ ਕਰਾਉਣ ਵਾਲੇ ਸੁਸ਼ੀਲ ਕੁਮਾਰ ‘ਤੇ ਦਿੱਲੀ ਪੁਲਿਸ ਨੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਉਸਦੇ ਸਾਥੀ(PA) ਦੀ ਸੂਚਨਾ ਦੇਣ ‘ਤੇ ਵੀ ਪੁਲਿਸ ਵੱਲੋਂ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਸੁਸ਼ੀਲ ਅਤੇ ਅਜੇ ਤੋਂ ਇਲਾਵਾ ਹੋਰ ਮੁਲਜ਼ਮਾਂ ਦੇ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ ?
4 ਮਈ ਨੂੰ ਰਾਤ 1.15 ਤੋਂ 1.30 ਵਜੇ ਵਿਚਕਾਰ ਦਿੱਲੀ ਦੇ ਛੱਤਰਸਾਲ ਸਟੇਡੀਅਮ ਦੇ ਪਾਰਕਿੰਗ ਏਰੀਆ ‘ਚ 2 ਭਲਵਾਨ ਗਰੁੱਪਾਂ ‘ਚ ਝੜੱਪ ਹੋਈ ਸੀ। ਇਸ ਦੌਰਾਨ ਫ਼ਾਇਰਿੰਗ ਵੀ ਹੋਈ, ਜਿਸ ‘ਚ 5 ਭਲਵਾਨ ਜ਼ਖਮੀ ਹੋ ਗਏ। ਜ਼ਖਮੀ ਭਲਵਾਨਾਂ ‘ਚੋਂ ਸਾਗਰ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਹ ਦਿੱਲੀ ਪੁਲਿਸ ‘ਚ ਹੈੱਡ ਕਾਂਸਟੇਬਲ ਦਾ ਪੁੱਤਰ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹੋਇਆ ਸੀ। ਇਲਜ਼ਾਮ ਹੈ ਕਿ ਸਾਗਰ ਅਤੇ ਉਸਦੇ ਦੋਸਤ ਜਿਸ ਘਰ ‘ਚ ਰਹਿੰਦੇ ਸਨ, ਸੁਸ਼ੀਲ ਉਸ ਨੂੰ ਖਾਲੀ ਕਰਨ ਦਾ ਦਬਾਅ ਬਣਾ ਰਿਹਾ ਸੀ।