Home Corona ਜਦੋਂ ਬਿਗ ਬੀ ਨੇ ਕੋਰੋਨਾ ਪੀੜਤਾਂ ਲਈ ਦਾਨ ਕੀਤੇ 2 ਕਰੋੜ, ਤਾਂ...

ਜਦੋਂ ਬਿਗ ਬੀ ਨੇ ਕੋਰੋਨਾ ਪੀੜਤਾਂ ਲਈ ਦਾਨ ਕੀਤੇ 2 ਕਰੋੜ, ਤਾਂ ਕਿਉਂ ਹੋਇਆ ਵਿਵਾਦ? ਇਥੇ ਪੜ੍ਹੋ

ਬਿਓਰੋ। ਦੇਸ਼ ‘ਚ ਕੋਰੋਨਾ ਇਸ ਵੇਲੇ ਪੂਰਾ ਕਹਿਰ ਮਚਾ ਰਿਹਾ ਹੈ। ਇਸ ਵਿਚਾਲੇ ਕਈ ਸਮਾਜਸੇਵੀ ਮਾਨਵਤਾ ਦੀ ਸੇਵਾ ਲਈ ਅੱਗੇ ਆ ਰਹੇ ਹਨ। ਦੇਸ਼ ਦੇ ਸਿਤਾਰੇ ਵੀ ਵੱਧ-ਚੜ੍ਹ ਕੇ ਕੋਰੋਨਾ ਪੀੜਤਾਂ ਦੀ ਮਦਦ ਕਰ ਰਹੇ ਹਨ। ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਵੀ ਆਪਣੇ ਵੱਲੋਂ 2 ਕਰੋੜ ਦਾ ਯੋਗਦਾਨ ਦਿੱਤਾ ਹੈ। ਉਹਨਾਂ ਨੇ ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ‘ਚ ਬਣਾਏ ਗਏ ਕੋਵਿਡ ਕੇਅਰ ਸੈਂਟਰ ਲਈ 2 ਕਰੋੜ ਦੀ ਰਾਸ਼ੀ ਦਾਨ ਕੀਤੀ ਹੈ। ਇਸਦੇ ਨਾਲ ਹੀ ਸਿੱਖਾਂ ਦੀ ਸੇਵਾ ਨੂੰ ਵੀ ਸਲਾਮ ਕੀਤਾ ਹੈ।

ਬਿਗ ਬੀ ਵੱਲੋਂ ਕੀਤੀ ਗਈ ਇਸ ਮਦਦ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਖੂਬ ਤਾਰੀਫ਼ ਕੀਤੀ ਅਤੇ ਕਿਹਾ ਕਿ ਅਮਿਤਾਭ ਬੱਚਨ ਆਏ ਦਿਨ ਉਹਨਾਂ ਨਾਲ ਫੋਨ ‘ਤੇ ਗੱਲਬਾਤ ਕਰ ਦਿੱਲੀ ਦੇ ਹਾਲਾਤ ਦੀ ਜਾਣਕਾਰੀ ਲੈਂਦੇ ਰਹਿੰਦੇ ਹਨ।

ਮਨਜਿੰਦਰ ਸਿਰਸਾ ਨੇ ਦਾਅਵਾ ਕੀਤਾ, “ਬਿਗ ਬੀ ਨੇ ਉਹਨਾਂ ਦੀ ਆਕਸੀਜ਼ਨ ਕੰਸਨਟ੍ਰੇਟਰ ਵਿਦੇਸ਼ ਤੋਂ ਭਾਰਤ ਲਿਆਉਣ ‘ਚ ਵੀ ਕਾਫ਼ੀ ਮਦਦ ਕੀਤੀ ਹੈ ਅਤੇ ਉਹ ਹਮੇਸ਼ਾ ਇਹੀ ਕਹਿੰਦੇ ਹਨ ਕਿ ਪੈਸਿਆਂ ਦੀ ਕੋਈ ਫਿਕਰ ਨਹੀਂ, ਤੁਸੀਂ ਵੱਧ ਤੋਂ ਵੱਧ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰੋ।”

ਪਰ ਅਮਿਤਾਭ ਬੱਚਨ ਦੀ ਕੋਰੋਨਾ ਪੀੜਤਾਂ ਲਈ ਕੀਤੀ ਇਹ ਮਦਦ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਰਾਸ ਨਹੀਂ ਆਈ। ਜੀਕੇ ਨੇ ਕਿਹਾ ਕਿ ਜਿਹਨਾਂ ਲੋਕਾਂ ਦੀ 84 ਦੰਗਿਆਂ ‘ਚ ਸ਼ਮੂਲੀਅਤ ਰਹੀ, ਉਹਨਾਂ ਤੋਂ ਅਸੀਂ ਦਾਨ ਨਹੀਂ ਲੈ ਸਕਦੇ। ਕਹਿੰਦੇ ਹਨ ਕਿ DSGMC ‘ਤੇ ਜਿਸ ਦਿਨ ਉਹਨਾਂ ਦੀ ‘ਜਾਗੋ’ ਪਾਰਟੀ ਕਾਬਜ਼ ਹੋ ਗਈ, ਉਸ ਦਿਨ ਸਭ ਤੋਂ ਪਹਿਲਾਂ ਅਮਿਤਾਭ ਬੱਚਨ ਦੇ 2 ਕਰੋੜ ਰੁਪਏ ਵਾਪਸ ਕਰਨਗੇ। ਦਰਅਸਲ, ਅਮਿਤਾਭ ਬੱਚਨ ’84 ਦੰਗਿਆਂ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਹਨ। ਇਲਜ਼ਾਮ ਲਗਦੇ ਰਹੇ ਹਨ ਕਿ ਉਹਨਾਂ ਦੀ ਵੀ ’84 ਕਤਲੇਆਮ ‘ਚ ਭੂਮਿਕਾ ਹੈ।

 

ਦੱਸਣਯੋਗ ਹੈ ਕਿ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ 400 ਆਕਸੀਜ਼ਨ ਬੈੱਡ ਵਾਲਾ ਹਸਪਤਾਲ ਤਿਆਰ ਕੀਤਾ ਗਿਆ ਹੈ। ਇਸ ਕੋਵਿਡ ਕੇਅਰ ਸੈਂਟਰ ਬਾਰੇ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੀ ਜ਼ਰੂਰਤ ਹੈ, ਤਾਂ ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਦਾ ਇਹ ਬਿਆਨ ਜ਼ਰੂਰ ਸੁਣ ਲਓ।

RELATED ARTICLES

LEAVE A REPLY

Please enter your comment!
Please enter your name here

Most Popular

Recent Comments