ਨਵੀਂ ਦਿੱਲੀ। ਪੰਜਾਬ ਕਾਂਗਰਸ ਦਾ ਕਲੇਸ਼ ਦਿੱਲੀ ‘ਚ ਹਾਈਕਮਾਨ ਦੇ ਦਰਬਾਰ ‘ਚ ਗੂੰਜ ਰਿਹਾ ਹੈ। ਇੱਕ-ਇੱਕ ਕਰਕੇ ਤਮਾਮ ਮੰਤਰੀ, ਵਿਧਾਇਕ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬਣਾਈ ਕਮੇਟੀ ਦੇ ਸਾਹਮਣੇ ਪੇਸ਼ ਹੋ ਰਹੇ ਹਨ। ਕੋਈ ਕੈਪਟਨ ਲਈ 2022 ਦੀ ਪਿਚ ਤਿਆਰ ਕਰ ਰਿਹਾ ਹੈ, ਤਾਂ ਕੋਈ ਬਗਾਵਤ ਦਾ ਝੰਡਾ ਬੁਲੰਦ ਕਰਕੇ ਚੋਣਾਂ ਤੋਂ ਪਹਿਲਾਂ ਹੀ ਕੈਪਟਨ ਨੂੰ ਆਊਟ ਕਰਨ ਦੀ ਰਾਹ ‘ਤੇ ਹੈ। ਖ਼ਬਰ ਹੈ ਕਿ ਨਰਾਜ਼ ਚੱਲ ਰਹੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਮੇਟੀ ਦੇ ਸਾਹਮਣੇ ਖੁੱਲ੍ਹ ਕੇ ਆਪਣਾ ਦਰਦ ਬਿਆਨ ਕੀਤਾ ਅਤੇ ਸੀਐੱਮ ਪ੍ਰਤੀ ਨਰਾਜ਼ਗੀ ਜ਼ਾਹਿਰ ਕੀਤੀ।
ਖੁਦ ਚੰਨੀ ਨੇ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜੋ ਕੁਝ ਵੀ ਕਿਹਾ, ਉਸ ‘ਚ ਇਸਦੇ ਸਾਫ ਸੰਕੇਤ ਮਿਲ ਕਿ ਚੰਨੀ ਕਿਸ ਕਦਰ ਆਪਣੇ ਹੀ ਕਪਤਾਨ ਤੋਂ ਨਰਾਜ਼ ਹਨ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਨਰਾਜ਼ਗੀ ਦੇ ਇਸ ਦੌਰ ‘ਚ ਚੰਨੀ ਪਿਛਲੇ ਕਰੀਬ ਇੱਕ ਮਹੀਨੇ ਤੋਂ ਖਾਮੋਸ਼ ਸਨ ਅਤੇ ਸੋਮਵਾਰ ਨੂੰ ਉਹਨਾਂ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ।
ਅਹੁਦੇ ਨਹੀਂ, ਮੁੱਦਿਆਂ ਦੀ ਲੜਾਈ- ਚੰਨੀ
ਚੰਨੀ ਨੇ ਬਿਨ੍ਹਾਂ ਕਿਸੇ ਦਾ ਨਾੰਅ ਲਏ ਕਿਹਾ ਕਿ ਕਾਂਗਰਸ ਪਾਰਟੀ ਨਾਲ ਉਹਨਾਂ ਦੀ ਨਰਾਜ਼ਗੀ ਨਹੀਂ ਹੈ। ਉਹਨਾਂ ਦੀ ਲੜਾਈ ਸਿਰਫ਼ ਮੁੱਦਿਆਂ ਦੀ ਹੈ। ਬਰਗਾੜੀ ਬੇਅਦਬੀ ਦਾ ਮੁੱਦਾ ਹੋਵੇ ਜਾਂ ਫਿਰ ਨਸ਼ੇ ਦੇ ਸੌਦਾਗਰ, ਮਾਫੀਆ ‘ਤੇ ਕਾਰਵਾਈ ਦੀ ਗੱਲ ਕਿਉਂ ਨਾ ਹੋਵੇ। ਸਾਰੇ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਹੈ। ਚੰਨੀ ਨੇ ਕਿਹਾ ਕਿ ਦਲਿਤਾਂ ਦੇ ਮਸਲੇ ਵੀ ਹੱਲ ਹੋੋਣੇ ਚਾਹੀਦੇ ਹਨ।
ਬਿਨ੍ਹਾਂ ਅੱਗ ਦੇ ਧੂਆਂ ਨਹੀਂ ਉਠਦਾ- ਚੰਨੀ
ਚਰਨਜੀਤ ਸਿੰਘ ਚੰਨੀ ਕੈਪਟਨ ਤੋਂ ਕਾਫੀ ਸਮੇਂ ਤੋਂ ਨਰਾਜ਼ ਦੱਸੇ ਜਾ ਰਹੇ ਹਨ, ਪਰ ਪਿਛਲੇ 3 ਸਾਲ ਪੁਰਾਣੇ #MeToo ਕੇਸ ‘ਚ ਜਿਸ ਤਰ੍ਹਾਂ ਮਹਿਲਾ ਕਮਿਸ਼ਨ ਨੇ ਉਹਨਾਂ ਖਿਲਾਫ਼ ਮੋਰਚਾ ਖੋਲ੍ਹਿਆ, ਉਸ ਨਾਲ ਮਾਮਲਾ ਹੋਰ ਵਿਗੜ ਗਿਆ। ਹਾਈਕਮਾਨ ਦੀ ਕਮੇਟੀ ਨਾਲ ਗੱਲ ਕਰਨ ਤੋਂ ਬਾਅਦ ਜਦੋਂ ਚੰਨੀ ਬਾਹਰ ਨਿਕਲੇ, ਤਾਂ ਉਹਨਾਂ ਤੋਂ #MeToo ਮਾਮਲੇ ‘ਤੇ ਵੀ ਸਵਾਲ ਕੀਤਾ ਗਿਆ। ਚੰਨੀ ਨੇ ਆਪਣੇ ਹੀ ਅੰਦਾਜ਼ ‘ਚ ਇਸਦਾ ਜਵਾਬ ਦਿੱਤਾ ਅਤੇ ਕਿਹਾ ਕਿ ਬਿਨ੍ਹਾਂ ਅੱਗ ਦੇ ਧੂਆਂ ਜ਼ਿਆਦਾ ਦੇਰ ਤੱਕ ਨਹੀਂ ਰਹਿੰਦਾ।
ਕੈਪਟਨ ‘ਤੇ ‘ਸ਼ਾਇਰਾਨਾ ਤੀਰ’ !
ਕਾਂਗਰਸ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਚੰਨੀ ਨੇ ਸ਼ਾਇਰਾਨਾ ਅਟੈਕ ਵੀ ਕੀਤਾ। ਨਾੰਅ ਤਾਂ ਕਿਸੇ ਦਾ ਨਹੀਂ ਲਿਆ, ਪਰ ਅੰਦਾਜ਼ ਅਤੇ ਬੋਲ ਦੋਵੇਂ ਕੈਪਟਨ ਵੱਲ ਇਸ਼ਾਰਾ ਕਰ ਰਹੇ ਹਨ। ਚੰਨੀ ਨੇ ਕਿਹਾ, “ਇਧਰ-ਉਧਰ ਕੀ ਬਾਤ ਨਾ ਕਰ, ਯੇ ਬਤਾ ਕਾਫਿਲਾ ਲੂਟਾ ਕਿਉਂ…ਮੁਝੇ ਰਾਹਜਨੋਂ ਸੇ ਗਰਜ ਨਹੀਂ, ਤੇਰੀ ਰਹਿਨੁਮਾਈ ਕਾ ਸਵਾਲ ਹੈ।”