ਚੰਡੀਗੜ੍ਹ। ਪੰਜਾਬ ‘ਚ ਵਧਦੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਿਸੰਘ ਨੇ ਇੱਕ ਵਾਰ ਫਿਰ ਸਾਫ਼ ਕੀਤਾ ਹੈ ਕਿ ਉਹ ਮੁਕੰਮਲ ਲਾਕਡਾਊਨ ਦੇ ਹੱਕ ‘ਚ ਨਹੀਂ। ਹਾਲਾਂਕਿ ਮੁੱਖ ਮੰਤਰੀ ਇਹ ਕਹਿਣ ਤੋਂ ਵੀ ਪਿੱਛੇ ਨਹੀਂ ਰਹੇ ਕਿ ਜੇਕਰ ਲੋਕਾਂ ਨੇ ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਦੀ ਪਾਲਣਾ ਕਰਨ ‘ਚ ਜ਼ਰਾ ਵੀ ਢਿੱਲ ਵਰਤੀ, ਤਾਂ ਉਹ ਮੁਕੰਮਲ ਲਾਕਡਾਊਨ ਬਾਰੇ ਸੋਚਣ ਨੂੰ ਮਜਬੂਰ ਹੋਣਗੇ। ਮੁੱਖ ਮੰਤਰੀ ਵੱਲੋਂ ਕੋਰੋਨਾ ਦੇ ਤਾਜ਼ਾ ਹਾਲਾਤ ਦੀ ਸਮੀਖਿਆ ਲਈ ਸੱਦੀ ਉੱਚ ਪੱਧਰੀ ਬੈਠਕ ਤੋਂ ਬਾਅਦ ਇਹ ਬਿਆਨ ਜਾਰੀ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਸੂਬੇ ‘ਚ ਵਿਆਪਕ ਤਾਲਾਬੰਦੀ ਦਾ ਆਦੇਸ਼ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ, ਕਿਉਂਕਿ ਇਸ ਨਾਲ ਗਰੀਬਾਂ ਨੂੰ ਵੱਧ ਨੁਕਸਾਨ ਹੋਵੇਗਾ ਅਤੇ ਪ੍ਰਵਾਸੀ ਮਜ਼ਦੂਰ ਪਲਾਇਣ ਕਰਨ ਲੱਗਣਗੇ। ਨਾਲ ਹੀ ਉਦਯੋਗ ਵੀ ਪ੍ਰਭਾਵਿਤ ਹੋਣਗੇ। ਉਹਨਾਂ ਕਿਹਾ, “ਪੰਜਾਬ ‘ਚ ਫਿਲਹਾਲ ਨਰਮੀ ਵਾਲਾ ਲਾਕਡਾਊਨ ਹੈ, ਜਿਸ ‘ਚ ਕੁਝ ਸਖਤ ਪਾਬੰਦੀਆਂ ਸਰਕਾਰ ਵੱਲੋਂ ਲਗਾਈਆਂ ਗਈਆਂ ਹਨ।”
ਟੇਕ-ਅਵੇ ‘ਤੇ ਤੁਰੰਤ ਪਾਬੰਦੀ ਦਾ ਹੁਕਮ
ਤਾਜ਼ਾ ਹਾਲਾਤ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਹੋਟਲਾਂ-ਰੈਸਟੋਰੈਂਟਾਂ ਤੋਂ ਟੇਕ-ਅਵੇ ਡਿਲੀਵਰੀ ‘ਤੇ ਪਾਬੰਦੀ ਲਗਾਉਣ ਦਾ ਆਦੇਸ਼ ਦੇ ਦਿੱਤਾ ਹੈ, ਜਿਸਦੀ ਆੜ ‘ਚ ਨੌਜਵਾਨ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ। ਹੋਟਲਾਂ-ਰੈਸਟੋਰੈਂਟਾਂ ਤੋਂ ਸਿਰਫ਼ ਹੋਮ ਡਿਲੀਵਰੀ ਦੀ ਇਜਾਜ਼ਤ ਹੋਵੇਗੀ। ਇਸਦੇ ਨਾਲ ਹੀ ਮੁੱਖ ਮੰਤਰੀ ਨੇ ਖਾਦ ਵੇਚਣ ਵਾਲੀਆਂ ਦੁਕਾਨਾਂ ਖੋਲ੍ਹੇ ਜਾਣ ਦੀ ਵੀ ਇਜਾਜ਼ਤ ਦਿੱਤੀ ਹੈ।
ਇਹ ਵੀ ਪੜ੍ਹੋ:- ਕੀ ਹਨ ਮੌਜੂਦਾ ਸਮੇਂ ‘ਚ ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ?
‘ਪੰਜਾਬ ‘ਚ ਸੜਕਾਂ ‘ਤੇ ਨਹੀਂ ਰੁਲਨ ਦਵਾਂਗੇ ਮਰੀਜ਼’
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਹੋਰ ਸੂਬਿਆਂ ਦੇ ਰਾਹ ‘ਤੇ ਤੁਰਨ ਨਹੀਂ ਦਿੱਤਾ ਜਾਵੇਗਾ, ਜਿਥੇ ਹਸਪਤਾਲਾਂ ‘ਚ ਬੈੱਡ ਨਾ ਮਿਲਣ ਕਾਰਨ ਲੋਕ ਸੜਕਾਂ ‘ਤੇ ਰੁਲ ਰਹੇ ਹਨ। ਉਹਨਾਂ ਕਿਹਾ ਕਿ ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿ ਆਪਣੇ CSR ਫ਼ੰਡ ਲੇਬਰ ਦੇ ਵੈਕਸੀਨੇਸ਼ਨ ਅਤੇ ਟ੍ਰੀਟਮੈਂਟ ‘ਤੇ ਖਰਚ ਕੀਤੇ ਜਾਣ, ਤਾਂ ਜੋ ਹਸਪਤਾਲਾਂ ਤੋਂ ਪ੍ਰੈਸ਼ਰ ਘਟਾਇਆ ਜਾ ਸਕੇ।
ਕੋਵਿਡ ਹਸਪਤਾਲਾਂ ‘ਚ ਤਬਦੀਲ ਹੋਣਗੇ ਸਟੇਡੀਅਮ-ਜਿਮ !
ਕੋਰੋਨਾਲ ਨਾਲ ਵਿਗੜਦੇ ਹਾਲਾਤ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਅਗਲੇ 10 ਦਿਨਾਂ ਅੰਦਰ 20 ਫ਼ੀਸਦ ਬੈੱਡ ਵਧਾਉਣ ਦਾ ਆਦੇਸ਼ ਦਿੱਤਾ ਹੈ। ਉਹਨਾਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਸਟੇਡੀਅਮ, ਜਿਮ ਅਤੇ ਅਜਿਹੀਆਂ ਹੋਰ ਥਾਵਾਂ ਨੂੰ ਮਰੀਜ਼ਾਂ ਲਈ ਤਿਆਰ ਕੀਤਾ ਜਾਵੇਗਾ। ਇਸਦੇ ਨਾਲ ਹੀ ਟੈਂਟ ਲਗਾ ਕੇ ਕੈਂਪ ਬਣਾਉਣ ਲਈ ਵੀ ਕਿਹਾ ਹੈ। ਸੀਐੱਮ ਨੇ ਕਿਹਾ, “ਸਾਨੂੰ ਬੁਰੇ ਤੋਂ ਬੁਰੇ ਲਈ ਤਿਆਰ ਰਹਿਣਾ ਚਾਹੀਦਾ ਹੈ।”