ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੇ ਲਗਾਤਾਰ ਵਧਦੇ ਕਹਿਰ ਨੂੰ ਰੋਕਣ ਲਈ ਹੁੰ ਪੰਜਾਬ ਸਰਕਾਰ ਨੇ ਸੂਬੇ ‘ਚ ਹੋਰ ਸਖਤੀ ਵਧਾ ਦਿੱਤੀ ਹੈ। ਸਰਕਾਰ ਵੱਲੋਂ 15 ਮਈ ਤੱਕ ਲਈ ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਗਈਆਂ ਹਨ। ਨਵੀਆਂ ਪਾਬੰਦੀਆਂ ਤਹਿਤ ਸੂਬੇ ‘ਚ ਹੁਣ ਕੀ ਕਰਨ ‘ਤੇ ਪਾਬੰਦੀ ਹੋਵੇਗੀ ਅਤੇ ਕਿਸ ਚੀਜ਼ ਦੀ ਇਜਾਜ਼ਤ ਹੋਵੇਗੀ। ਉਹ ਸਭ ਹੇਠ ਲਿਖੇ ਪ੍ਰਕਾਰ ਹਨ:-
- ਗੈਰ-ਜ਼ਰੂਰੀ ਸਾਮਾਨ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਖਾਣ-ਪਾਣ ਨਾਲ ਸਬੰਧਤ ਵਸਤਾਂ ਅਤੇ ਦਵਾਈ ਦੀਆਂ ਦੁਕਾਨਾਂ ਨੂੰ ਇਸ ਤੋਂ ਛੋਟ ਹੋਵੇਗੀ। ਮੋਬਾਈਲ ਰਿਪੇਅਰ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।
- ਪੰਜਾਬ ‘ਚ ਆਉਣ ਵਾਲੇ ਹਰ ਸ਼ਖਸ ਨੂੰ ਕੋਵਿਡ-19 ਨੈਗੇਟਿਵ ਰਿਪੋਰਟ (ਜ਼ਿਆਦਾ ਤੋਂ ਜ਼ਿਆਦਾ 72 ਘੰਟੇ ਪੁਰਾਣੀ) ਜਾਂ ਵੈਕਸੀਨੇਸ਼ਨ (ਘੱਟੋ-ਘੱਟ ਪਹਿਲੀ ਡੋਜ਼) ਦਾ ਸਰਟੀਫਿਕੇਟ ਵਿਖਾਉਣਾ ਹੋਵੇਗਾ।
- ਬੈਂਕਾਂ ਸਣੇ ਸਾਰੇ ਸਰਕਾਰੀ ਦਫ਼ਤਰ 50 ਫ਼ੀਸਦ ਸਮਰੱਥਾ ਨਾਲ ਕੰਮ ਕਰਨਗੇ। ਕੋਵਿਡ-19 ਮੈਨੇਜਮੈਂਟ ਸਬੰਧੀ ਸੇਵਾਵਾਂ ਲਈ ਇਹ ਨਿਯਮ ਲਾਗੂ ਨਹੀਂ ਹੋਵੇਗਾ।
- ਚਾਰ-ਪਹੀਆ ਵਾਹਨਾਂ ‘ਚ 2 ਤੋਂ ਵੱਧ ਲੋਕਾਂ ਦੇ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ। ਦੋ-ਪਹੀਆ ਵਾਹਨ ਦੀ ਪਿਛਲੀ ਸੀਟ ‘ਤੇ ਵੀ ਕੋਈ ਬਹਿ ਨਹੀਂ ਸਕੇਗਾ। ਹਾਲਾਂਕਿ ਜੇਕਰ ਦੋਵੇਂ ਇੱਕੋ ਪਰਿਵਾਰ ਦੇ ਹੋਣ ਜਾਂ ਇੱਕੋ ਘਰ ‘ਚ ਰਹਿੰਦੇ ਹਨ, ਤਾਂ ਇਸਦੀ ਇਜਾਜ਼ਤ ਹੋਵੇਗੀ।
- ਵਿਆਹਾਂ ਅਤੇ ਸਸਕਾਰ ਸਣੇ ਕਿਸੇ ਵੀ ਤਰ੍ਹਾਂ ਦੇ ਇਕੱਠ ਲਈ 10 ਤੋਂ ਵੱਧ ਲੋਕਾਂ ਦੀ ਇਜਾਜ਼ਤ ਨਹੀਂ ਹੋਵੇਗੀ।
- ਸੂਬੇ ਦੇ ਸਾਰੇ ਧਾਰਮਿਕ ਅਸਥਾਨ ਸ਼ਾਮ 6 ਵਜੇ ਬੰਦ ਕੀਤੇ ਜਾਣਗੇ। ਇਹਨਾਂ ‘ਚ ਭੀੜ ਜੁਟਣ ਦੀ ਇਜਾਜ਼ਤ ਨਹੀਂ ਹੋਵੇਗੀ।
- ਸਬਜ਼ੀ ਮੰਡੀਆਂ ਸਿਰਫ਼ ਸਬਜ਼ੀ ਤੇ ਫਲ ਵੇਚਣ ਵਾਲੇ ਹੋਲਸੇਲਰਜ਼ ਲਈ ਖੁੱਲ੍ਹਣਗੀਆਂ। ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਣਾ ਹੋਏਗਾ।
- ਰੇਹੜੀ-ਫੜੀ ਵਾਲਿਆਂ ਦਾ RT-PCR ਟੈਸਟ ਕੀਤਾ ਜਾਵੇਗਾ।
- ਟੋਲ ਪਲਾਜ਼ਾ, ਪੈਟਰੋਲ ਪੰਪਾਂ ਅਤੇ ਮਾਲਜ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਧਾਰਮਿਕ ਆਗੂਆਂ ਨੂੰ ਇਕੱਠ ਨਾ ਕਰਨ ਲਈ ਅਪੀਲ ਕੀਤੀ ਗਈ ਹੈ।
- ਪਿੰਡਾਂ ਵਾਲਿਆਂ ਨੂੰ ਸਖਤੀਆਂ ਲਾਗੂ ਕਰਨ ਲਈ ਠੀਕਰੀ ਪਹਿਰੇ ਲਾਉਣ ਲਈ ਕਿਹਾ ਗਿਆ ਹੈ।
ਇਹਨਾਂ ਨਵੀਆਂ ਪਾਬੰਦੀਆਂ ਤੋਂ ਇਲਾਵਾ ਪਹਿਲਾਂ ਵਾਲੀਆਂ ਪਾਬੰਦੀਆਂ ਵੀ ਸੂਬੇ ‘ਚ ਜਾਰੀ ਰਹਿਣਗੀਆਂ, ਜੋ ਹੇਠ ਲਿਖੀਆਂ ਹਨ:-
- ਸੂਬੇ ‘ਚ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਇਸਦੇ ਨਾਲ ਹੀ ਸ਼ਨੀਵਾਰ, ਐਤਵਾਰ ਦਾ ਵੀਕੈਂਡ ਲਾਕਡਾਊਨ ਜਾਰੀ ਰਹੇਗਾ।
- ਪਬਲਿਕ ਟਰਾਂਸਪੋਰਟ ‘ਚ 50 ਫ਼ੀਸਦ ਯਾਤਰੀਆਂ ਨੂੰ ਟ੍ਰੈਵਲ ਦੀ ਇਜਾਜ਼ਤ ਹੋਵੇਗੀ।
- ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ ਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ।
- ਹੋਟਲਾਂ-ਰੈਸਟੋਰੈਂਟਾਂ ‘ਚ ਬਹਿ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ। ਰਾਤ 9 ਵਜੇ ਤੱਕ ਹੋਮ ਡਿਲੀਵਰੀ ਦੀ ਇਜਾਜ਼ਤ ਦਿੱਤੀ ਗਈ ਹੈ।
- ਸੂਬੇ ਭਰ ‘ਚ ਹਫ਼ਤਾਵਾਰੀ ਬਜ਼ਾਰ ਬੰਦ ਰਹਿਣਗੇ।
- ਸਮਾਜਿਕ, ਸੱਭਿਆਚਾਰਕ ਤੇ ਸਪੋਰਟਸ ਸਬੰਧੀ ਇਕੱਠ ਕਰਨ ‘ਤੇ ਪਾਬੰਦੀ ਹੋਵੇਗੀ।
- ਸੂਬੇ ‘ਚ ਸਾਰੇ ਸਿਆਸੀ ਇਕੱਠਾਂ ‘ਤੇ ਪੂਰਨ ਪਾਬੰਦੀ ਹੋਵੇਗੀ। ਜੇਕਰ ਉਲੰਘਣਾ ਹੋਈ, ਤਾਂ ਆਗੂ, ਟੈਂਟ ਮਾਲਕ ਤੇ ਸਬੰਧਤ ਜਗ੍ਹਾ ਦੇ ਮਾਲਕ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
- ਵੱਡੇ ਇਕੱਠ ‘ਚ ਸ਼ਾਮਲ ਹੋਣ ਵਾਲੇ ਲੋਕਾਂ ਲਈ 5 ਦਿਨ ਕੁਆਰੰਟੀਨ ‘ਚ ਰਹਿਣਾ ਲਾਜ਼ਮੀ ਰਹੇਗਾ।
- ਸਕੂਲ-ਕਾਲਜ ਬੰਦ ਰਹਿਣਗੇ, ਪਰ ਟੀਚਰਾਂ ਨੂੰ ਡਿਊਟੀ ‘ਚੇ ਹਾਜ਼ਰ ਰਹਿਣਾ ਪਏਗਾ। ਮੈਡੀਕਲ ਅਤੇ ਨਰਸਿੰਗ ਕਾਲਜ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ।
- ਕੋਵਿਡ ਮੈਨੇਜਮੈਂਟ ਸਬੰਧੀ ਪੇਪਰਾਂ ਨੂੰ ਛੱਡ ਹਰ ਤਰ੍ਹਾਂ ਦੇ ਭਰਤੀ ਪੇਪਰ ਰੱਦ ਰਹਿਣਗੇ।
- ਪ੍ਰਾਈਵੇਟ ਦਫ਼ਤਰਾਂ ਦੇ ਕਰਮਚਾਰੀ ਘਰੋਂ ਕੰਮ ਕਰਨਗੇ।
- ਸਰਕਾਰੀ ਦਫ਼ਤਰਾਂ ‘ਚ ਕੰਮ ਕਰਨ ਵਾਲੇ 45 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ ਨੇ ਘੱਟੋ-ਘੱਟ ਵੈਕਸੀਨ ਦਾ ਪਹਿਲਾ ਡੋਜ਼ ਲਿਆ ਹੋਵੇ। 45 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਨੂੰ 5 ਦਿਨ ਪੁਰਾਣੇ RT-PCR ਟੈਸਟ ਦੀ ਨੈਗੇਟਿਵ ਰਿਪੋਰਟ ਲਿਆਉਣ ‘ਤੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਅਜਿਹਾ ਨਾ ਹੋਣ ‘ਤੇ ਕਰਮਚਾਰੀ ਛੁੱਟੀ ਲੈ ਕੇ ਘਰ ਬਹਿ ਸਕਦੇ ਹਨ।