ਬਿਓਰੋ। ਸਾਬਕਾ IPS ਕੁੰਵਰ ਵਿਜੇ ਪ੍ਰਤਾਪ ਦੇ ਨਾਲ ਹੁਣ ਇੱਕ ਨਵਾਂ ਵਿਵਾਦ ਜੁੜ ਗਿਆ ਹੈ। ਦਰਅਸਲ, ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਹੁਣ ਵਕਾਲਤ ਕਰਨ ਦੀ ਤਿਆਰੀ ‘ਚ ਹਨ। ਇਸ ਲਈ ਉਹਨਾਂ ਨੂੰ ਬਾਰ ਕਾਊਂਸਿਲ ਆਫ਼ ਪੰਜਾਬ ਐਂਡ ਹਰਿਆਣਾ ਤੋਂ ਲਾਈਸੈਂਸ ਵੀ ਮਿਲ ਗਿਆ ਹੈ। ਲਾਈਸੈਂਸ ਦੇ ਨਾਲ ਹੀ ਕਾਊਂਸਿਲ ਨੇ ਉਹਨਾਂ ਨੂੰ ਅਨੁਸ਼ਾਸਨ ਸਮਿਤੀ ਦਾ ਮੈਂਬਰ ਵੀ ਬਣਾ ਦਿੱਤਾ, ਬੱਸ ਇਹੀ ਵਿਵਾਦ ਦੀ ਵਜ੍ਹਾ ਬਣ ਗਿਆ।
ਹਾਈਕੋਰਟ ਦੇ ਕਈ ਵਕੀਲਾਂ ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਨੇ ਬਾਰ ਕਾਊਂਸਿਲ ਦੇ ਇਸ ਫ਼ੈਸਲੇ ਦੀ ਅਲੋਚਨਾ ਕੀਤੀ ਅਤੇ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕਰ ਦਿੱਤੀ। ਇਸ ਤੋਂ ਪਹਿਲਾਂ ਵਿਵਾਦ ਹੋਰ ਵਧਦਾ, ਕੁੰਵਰ ਵਿਜੇ ਪ੍ਰਤਾਪ ਨੇ ਐਤਵਾਰ ਨੂੰ ਕਾਊਂਸਿਲ ਦੀ ਅਨੁਸ਼ਾਸਨ ਸਮਿਤੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਉਹ ਸਿਰਫ਼ ਇੱਕ ਵਕੀਲ ਦੇ ਤੌਰ ‘ਤੇ ਬਾਰ ਕਾਊਂਸਿਲ ਨਾਲ ਜੁੜੇ ਰਹਿਣਗੇ।
ਬਾਰ ਕਾਊਂਸਿਲ ਨੇ ਵੀ ਅਸਤੀਫ਼ਾ ਫੌਰਨ ਮਨਜ਼ੂਰ ਕਰ ਲਿਆ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਯੁਕਤੀ ਨਾਲ ਜੁੜਿਆ ਆਪਣਾ ਆਦੇਸ਼ ਵਾਪਸ ਲੈਣ ਦਾ ਐਲਾਨ ਕਰ ਦਿੱਤਾ।
ਵਕੀਲਾਂ ਨੂੰ ਕਿਉਂ ਸੀ ਇਤਰਾਜ਼ ?
ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਦੀ ਪੰਜਾਬ ਅਤੇ ਹਰਿਆਣਾ ਇਕਾਈ ਨੇ ਬਾਰ ਕਾਊਂਸਿਲ ਦੇ ਫ਼ੈਸਲੇ ਦਾ ਸਖਤ ਵਿਰੋਧ ਕੀਤਾ ਸੀ। ਐਸੋਸੀਏਸ਼ਨ ਨੇ ਕਿਹਾ ਸੀ ਕਿ ਜਿਸਦੀ ਜਾਂਚ ‘ਤੇ ਹਾਈਕੋਰਟ ਨੇ ਸਵਾਲ ਖੜ੍ਹੇ ਕੀਤੇ ਹੋਣ ਅਤੇ ਝਾੜ ਪਾਈ ਹੋਵੇ, ਉਸ ਨੂੰ ਬਾਰ ਕਾਊਂਸਿਲ ਦੀ ਅਨੁਸ਼ਾਸਨ ਸਮਿਤੀ ਦਾ ਮੈਂਬਰ ਕਿਵੇਂ ਨਿਯੁਕਤ ਕੀਤਾ ਜਾ ਸਕਦਾ ਹੈ। ਕਿਵੇਂ ਇੱਕ ਸਭ ਤੋਂ ਜੂਨੀਅਰ ਵਕੀਲ ਨੂੰ ਸੀਨੀਅਰ ਵਕੀਲਾਂ ਦੀ ਜਾਂਚ ਸੌੰਪੀ ਜਾ ਸਕਦੀ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਬਲਤੇਜ ਸਿੰਘ ਸਿੱਧੂ ਨੇ ਵੀ ਬਾਰ ਕਾਊਂਸਿਲ ਦੇ ਚੇਅਰਮੈਨ ਨੂੰ ਭੇਜੀ ਚਿੱਠੀ ‘ਚ ਇਸਦਾ ਵਿਰੋਧ ਕੀਤਾ ਸੀ। ਉਹਨਾਂ ਕਿਹਾ ਸੀ ਕਿ ਜਿਸ ਨੂੰ ਵਕਾਲਤ ਦਾ ਘੰਟੇ ਭਰ ਦਾ ਵੀ ਤਜ਼ਰਬਾ ਨਹੀਂ ਹੈ, ਉਸ ਨੂੰ ਕਿਵੇਂ ਬਾਰ ਕਾਊਂਸਿਲ ਦੀ ਅਨੁਸ਼ਾਸਨ ਸਮਿਤੀ ‘ਚ ਸ਼ਾਮਲ ਕੀਤਾ ਜਾ ਸਕਦ੍ਾ ਹੈ।
ਵਿਵਾਦਾਂ ਵਿਚਾਲੇ ਅੰਮ੍ਰਿਤਸਰ ‘ਚ ਵਕਾਲਤ ਦੀ ਤਿਆਰੀ
ਫਿਲਹਾਲ ਵਿਵਾਦਾਂ ਵਿਚਾਲੇ ਪੰਜਾਬ ਪੁਲਿਸ ਦੇ ਸਾਬਕਾ IPS ਅਫ਼ਸਰ ਕੁੰਵਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ‘ਚ ਵਕੀਲ ਦੇ ਤੌਰ ‘ਤੇ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ। ਉਹ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਮੈਂਬਰ ਬਣ ਗਏ ਹਨ।
ਵਿਵਾਦਾਂ ‘ਚ ਕਿਉਂ ਹਨ ਕੁੰਵਰ ਵਿਜੇ ਪ੍ਰਤਾਪ ?
ਪੰਜਾਬ ‘ਚ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਗਠਿਤ SIT ਦੇ ਮੁਖੀ ਰਹੇ ਕੁੰਵਰ ਵਿਜੇ ਪ੍ਰਤਾਪ ਨੂੰ ਹਾਲ ਹੀ ‘ਚ ਬਤੌਰ IPS ਅਫ਼ਸਰ ਅਸਤੀਫ਼ਾ ਦੇਣਾ ਪਿਆ। ਦਰਅਸਲ, ਬੀਤੀ 9 ਅਪ੍ਰੈਲ ਨੂੰ ਹਾਈਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੀ SIT ਵਾਲੀ ਜਾਂਚ ਨੂੰ ਖਾਰਜ ਕਰ ਦਿੱਤਾ ਸੀ ਅਤੇ ਕੁੰਵਰ ਤੋਂ ਬਿਨ੍ਹਾਂ ਨਵੀਂ SIT ਬਣਾਉਣ ਦਾ ਆਦੇਸ਼ ਦਿੱਤਾ ਸੀ। ਹਾਈਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਨੂੰ ਪੱਖਪਾਤੀ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ।
ਇਹ ਵੀ ਪੜ੍ਹੋ:- ਹਾਈਕੋਰਟ ਨੇ ਕਿਵੇਂ ਉਡਾਈਆਂ ਕੁੰਵਰ ਵਿਜੇ ਪ੍ਰਤਾਪ ਦੀ ਤਫ਼ਤੀਸ਼ ਦੀਆਂ ਧੱਜੀਆਂ? ਇਥੇ ਪੜ੍ਹੋ
ਇਸ ਫ਼ੈਸਲੇ ਤੋਂ ਬਾਅਦ ਸੂਬੇ ਦੀ ਸਿਆਸਤ ਭਖ ਗਈ ਅਤੇ ਵਿਵਾਦ ਵਧਣ ‘ਤੇ ਕੁੰਵਰ ਵਿਜੇ ਪ੍ਰਤਾਪ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ। ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਤਾਂ ਉਹਨਾਂ ਦੀ ਅਪੀਲ ਨਾਮਨਜ਼ੂਰ ਕੀਤੀ ਗਈ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾ ਮੰਨਣ ‘ਤੇ ਸੀਐੱਮ ਨੇ ਉਹਨਾਂ ਦੀ ਅਰਜ਼ੀ ਮਨਜ਼ੂਰ ਕਰ ਲਈ।