Home Haryana SYL 'ਤੇ ਪੰਜਾਬ-ਹਰਿਆਣਾ ਵਿਚਕਾਰ ਨਹੀਂ ਬਣੀ ਗੱਲ..! CM ਬੋਲੇ- ਪਾਣੀ ਹੀ ਨਹੀਂ,...

SYL ‘ਤੇ ਪੰਜਾਬ-ਹਰਿਆਣਾ ਵਿਚਕਾਰ ਨਹੀਂ ਬਣੀ ਗੱਲ..! CM ਬੋਲੇ- ਪਾਣੀ ਹੀ ਨਹੀਂ, ਤਾਂ ਕਿਉਂ ਕਰੀਏ SYL ਦਾ ਨਿਰਮਾਣ

October 14, 2022
(Chandigarh)

ਸਤਲੁਜ-ਯਮੁਨਾ ਲਿੰਕ ਨਹਿਰ ਦੇ ਨਿਰਮਾਣ ਨੂੰ ਲੈ ਕੇ ਪੰਜਾਬ-ਹਰਿਆਣਾ ਵਿਚਕਾਰ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਸ਼ੁੱਕਰਵਾਰ ਨੂੰ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਵਿਚਕਾਰ 2 ਘੰਟਿਆਂ ਤੱਕ ਇਸ ਮੁੱਦੇ ‘ਤੇ ਮੰਥਨ ਹੋਇਆ, ਪਰ ਇਸ ਦੌਰਾਨ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਸਾਫ ਤੌਰ ‘ਤੇ SYL ਨਿਰਮਾਣ ਦੇ ਇਨਕਾਰ ਤੋਂ ਮਨ੍ਹਾਂ ਕਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਹੈ ਹੀ ਨਹੀਂ, ਤਾਂ ਫਿਰ ਨਹਿਰ ਦਾ ਨਿਰਮਾਣ ਕਿਉਂ ਕੀਤਾ ਜਾਵੇ।

Image

ਮਾਨ ਨੇ ਕਿਹਾ ਕਿ ਸਾਲ 1981 ਵਿੱਚ ਹੋਏ SYL ਦੇ ਐਗ੍ਰੀਮੈਂਟ ਨੂੰ 42 ਸਾਲਾਂ ਬਾਅਦ ਲਾਗੂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਹੁਣ ਹਾਲਾਤ ਬਦਲ ਚੁੱਕੇ ਹਨ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਕੋਲ 18.56 MAF ਪਾਣੀ ਸੀ, ਪਰ ਹੁਣ 12.636 ਹੈ।

CM ਨੇ ਕਿਹਾ ਕਿ ਪੰਜਾਬ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫੀ ਹੇਠਾਂ ਜਾ ਚੁੱਕਿਆ ਹੈ। ਇਹ ਹੁਣ 600 ਫੁੱਟ ਤੱਕ ਪਹੁੰਚ ਚੁੱਕਿਆ ਹੈ। ਇਸ ਲਈ 1981 ਦੇ ਐਗ੍ਰੀਮੈਂਟ ਨੂੰ ਮੌਜੂਦਾ ਹਾਲਾਤ ‘ਚ ਲਾਗੂ ਨਹੀਂ ਕੀਤਾ ਜਾ ਸਕਦਾ।

Image

ਸੀਐੱਮ ਨੇ ਕਿਹਾ ਕਿ ਮੈਂ ਕਾਫੀ ਹੋਮਵਰਕ ਕਰਨ ਤੋਂ ਬਾਅਦ ਪੰਜਾਬ ਦਾ ਪੱਖ ਹਰਿਆਣਾ ਦੇ ਸਾਹਮਣੇ ਮਜਬੂਤੀ ਨਾਲ ਰੱਖਿਆ ਹੈ। ਇਹ ਪੱਖ ਪੂਰੀ ਤਰ੍ਹਾਂ ਨਾਲ ਤੱਥਾਂ ‘ਤੇ ਅਧਾਰਤ ਹੈ, ਜਦਕਿ ਇਸ ਤੋਂ ਪਹਿਲਾਂ ਅਜਿਹਾ ਪੱਖ ਕਦੇ ਨਹੀਂ ਰੱਖਿਆ ਗਿਆ।

‘ਪੰਜਾਬ ਤੇ ਹਰਿਆਣਾ ਮਿਲ ਕੇ PM ਕੋਲ ਚੱਲਦੇ ਹਾਂ’ 

CM ਨੇ ਕਿਹਾ ਕਿ ਜੇਕਰ ਹਰਿਆਣਾ ਨੂੰ ਸਿੰਚਾਈ ਜਾਂ ਹੋਰ ਕੰਮਾਂ ਲਈ ਪਾਣੀ ਚਾਹੀਦਾ ਹੈ, ਤਾਂ ਪੰਜਾਬ ਤੇ ਹਰਿਆਣਾ ਮਿਲ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਚੱਲਦੇ ਹਾਂ। ਉਹਨਾਂ ਨੂੰ ਕਹਿੰਦੇ ਹਾਂ ਯਮੁਨਾ ਜਾਂ ਗੰਗਾ ਦਾ ਪਾਣੀ ਹਰਿਆਣਾ ਨੂੰ ਦੇ ਦਿੱਤਾ ਜਾਵੇ, ਕਿਉਂਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਇੱਕ ਵੀ ਬੂੰਦ ਨਹੀਂ ਹੈ। ਉਹਨਾਂ ਇਥੋਂ ਤੱਕ ਕਿਹਾ ਕਿ ਪੰਜਾਬ ਤੇ ਹਰਿਆਣਾ ਦੀ ਵੰਡ ਸਮੇਂ ਯਮੁਨਾ ‘ਚ ਸਾਨੂੰ ਹਿੱਸਾ ਨਹੀਂ ਦਿੱਤਾ ਗਿਆ, ਤਾਂ ਫੇਰ ਸਤਲੁਜ ਤੇ ਬਿਆਸ ਦਾ ਪਾਣੀ ਹਰਿਆਣਾ ਨੂੰ ਕਿਉਂ ਦਿੱਤਾ ਜਾਵੇ।

ਕਾਂਗਰਸ ਤੇ ਅਕਾਲੀਆਂ ਉਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਨਾਲ ਹੋਈ ਬੇਇਨਸਾਫੀ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਤੇ ਪੰਜਾਬੀਆਂ ਦੇ ਵਿਰੁੱਧ ਸਾਜ਼ਿਸ਼ ਘੜਨ ਲਈ ਇਕ-ਦੂਜੇ ਦੀ ਸੁਰ ਵਿਚ ਸੁਰ ਮਿਲਾਉਂਦੀਆਂ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਲੀਡਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮਿੱਤਰ ਅਤੇ ਹਰਿਆਣਾ ਦੇ ਨੇਤਾ ਦੇਵੀ ਲਾਲ ਨੂੰ ਖੁਸ਼ ਕਰਨ ਲਈ ਨਹਿਰ ਦੇ ਸਰਵੇ ਦਾ ਹੁਕਮ ਦਿੱਤਾ ਸੀ।

ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਰਿਆਸਤ ਦੇ ਵਾਰਸ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਉਸ ਵੇਲੇ ਸੰਸਦ ਮੈਂਬਰ ਸਨ, ਨੇ ਵੀ ਇਸ ਨਹਿਰ ਦਾ ਟੱਕ ਲਾਉਣ ਲਈ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਵੇ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਨੇਤਾਵਾਂ ਦਾ ਹਰੇਕ ਕਦਮ ਸਾਬਤ ਕਰਦਾ ਹੈ ਕਿ ਇਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ। ਭਗਵੰਤ ਮਾਨ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਕਿ ਇਸ ਫੈਸਲੇ ਦਾ ਸਵਾਗਤ ਕਰਨ ਵਾਲੇ ਲੋਕ ਹੁਣ ਇਸ ਮੁੱਦੇ ਉਤੇ ਸਰਬ ਪਾਰਟੀ ਮੀਟਿੰਗ ਸੱਦਣ ਜਾਂ ਉਨ੍ਹਾਂ ਕੋਲੋਂ ਸਲਾਹ ਲੈਣ ਦਾ ਸੁਝਾਅ ਦੇ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਅਜਿਹੇ ਕਦਮਾਂ ਰਾਹੀਂ ਪੰਜਾਬ ਤੇ ਪੰਜਾਬੀਆਂ ਦੇ ਅੱਗੇ ਕੰਡੇ ਬੀਜੇ ਹਨ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਮੁਫਾਦ ਲਈ ਇਨ੍ਹਾਂ ਖੁਦਗਰਜ਼ ਸਿਆਸੀ ਲੀਡਰਾਂ ਨੇ ਸੂਬੇ ਨੂੰ ਸੰਕਟ ਵਿਚ ਧੱਕ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਦੇ ਹੱਥ ਇਸ ਜੁਰਮ ਨਾਲ ਰੰਗੇ ਹੋਏ ਹਨ ਅਤੇ ਪੰਜਾਬ ਦੀ ਪਿੱਠ ਵਿਚ ਛੁਰਾ ਮਾਰਨ ਵਾਲਿਆਂ ਨੂੰ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ।

ਹੁਣ ਕੇਂਦਰ ਦੀ ਯੋਜਨਾ ‘ਤੇ ਹੀ ਨਿਰਭਰ- ਹਰਿਆਣਾ

ਓਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਸਰਕਾਰ ਦੀ ਅਸਹਿਮਤੀ ਵਾਲੀ ਰਿਪੋਰਟ ਹੁਣ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਹੁਣ ਕੇਂਦਰ ਦੀ ਯੋਜਨਾ ‘ਤੇ ਹੀ ਨਿਰਭਰ ਹੈ ਕਿ ਉਹਨਾਂ ਵੱਲੋਂ ਕੋਈ ਹੋਰ ਮੀਟਿੰਗ ਕੀਤੀ ਜਾਂਦੀ ਹੈ ਜਾਂ ਨਹੀਂ। ਨਹੀਂ ਤਾਂ ਸੁਪਰੀਮ ਕੋਰਟ ਵਿੱਚ ਹਰਿਆਣਾ ਆਪਣੀ ਗੱਲ ਰੱਖੇਗਾ।

Image

ਘੱਗਰ ਦੀ ਸਫਾਈ ਲਈ ਕਮੇਟੀ ਗਠਿਤ- ਮਨੋਹਰ ਲਾਲ

ਮੀਟਿੰਗ ਵਿੱਚ SYL ਤੋਂ ਇਲਾਵਾ ਹੋਰ ਵੀ ਕਈ ਮੁੱਦੇ ਵਿਚਾਰੇ ਗਏ। ਬੈਠਕ ਵਿੱਚ ਘੱਗਰ ਨਦੀ ਦੀ ਸਫਾਈ ਲਈ ਦੋਵੇਂ ਸੂਬਿਆਂ ਦੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਕਮੇਟੀ ਬਣਾ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments