ਬਿਓਰੋ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਅਜ਼ਾਦੀ ਦਿਹਾੜੇ ਦੇ ਮੌਕੇ ਪੱਤਰਕਾਰਾਂ ਲਈ ਵੱਡਾ ਐਲਾਨ ਕੀਤਾ। ਸੀਐੱਮ ਨੇ ਸੂਬੇ ਦੇ ਸਾਰੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਕੋਰੋਨਾ ਨਾਲ ਲੜ ਰਹੇ ਫ਼ਰੰਟ ਲਾਈਨ ਵਰਕਰਾਂ ਦੀ ਸੂਚੀ ‘ਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰ ਪਿਛਲੇ ਕਰੀਬ 1 ਸਾਲ ਤੋਂ ਵੀ ਵੱਧ ਸਮੇਂ ਤੋਂ ਪੂਰੇ ਜੋਖਿਮ ਨਾਲ ਮਹਾਂਮਾਰੀ ਦੀ ਕਵਰੇਜ ‘ਚ ਲੱਗੇ ਹੋਏ ਹਨ। ਇਸ ਮਹਾਂਮਾਰੀ ਨੂੰ ਰੋਕਣ ਲਈ ਉਹ ਜਾਗਰੂਕਤਾ ਮੁਹਿੰਮ ਵੀ ਚਲਾ ਰਹੇ ਹਨ। ਉਹਨਾਂ ਕਿਹਾ ਕਿ ਪੱਤਰਕਾਰਾਂ ਨੂੰ ਵੀ ਸੁਰੱਖਿਆ ਦੀ ਜ਼ਰੂਰਤ ਹੈ ਅਤੇ ਕਈ ਸੂਬਿਆਂ ‘ਚ ਪੱਤਰਕਾਰਾਂ ਨੂੰ ਫਰੰਟ ਲਾਈਨ ਵਰਕਰਾਂ ‘ਚ ਸ਼ਾਮਲ ਕੀਤੇ ਜਾਣ ਦੀ ਮੰਗ ਲਗਾਤਾਰ ਉਠ ਰਹੀ ਹੈ, ਜਦਕਿ ਕੇਂਦਰ ਸਰਕਾਰ ਨੇ ਹਾਲੇ ਤੱਕ ਇਸ ਮਾਮਲੇ ‘ਚ ਆਪਣਾ ਰੁਖ ਸਪੱਸ਼ਟ ਨਹੀਂ ਕੀਤਾ ਹੈ।
We are thankful to media persons who are working tirelessly in these difficult times to keep us updated. We’ve decided to include all accredited and yellow card holder journalists as frontline warriors for #Covid19 vaccination. Please continue with the good work and stay safe.
— Capt.Amarinder Singh (@capt_amarinder) May 3, 2021
ਬਿਜਲੀ ਮੁਲਾਜ਼ਮਾਂ ਲਈ ਵੀ ਐਲਾਨ
ਇਸਦੇ ਨਾਲ ਹੀ ਸੀਐੱਮ ਨੇ ਸੂਬੇ ‘ਚ ਸਾਰੇ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਵੀ ਫਰੰਟ ਲਾਈਨ ਵਰਕਰਾਂ ਦੇ ਦਾਇਰੇ ‘ਚ ਸ਼ਾਮਲ ਕਰ ਲਿਆ ਗਿਆ ਹੈ। ਇਹ ਕਰਮਚਾਰੀ ਅਤੇ ਸਾਰੇ ਪੱਤਰਕਾਰ ਹੁਣ ਕਈ ਤਰ੍ਹਾਂ ਦੀਆਂ ਸੁਵਿਧਾਵਾਂ, ਜਿਹਨਾਂ ‘ਚ ਪਹਿਲ ਦੇ ਅਧਾਰ ‘ਤੇ ਵੈਕਸੀਨੇਸ਼ਨ ਸ਼ਾਮਲ ਹੈ, ਲਈ ਯੋਗ ਹੋਣਗੇ।
ਹਰਿਆਣਾ ‘ਚ ਵੀ ਹੁਣ ਪੱਤਰਕਾਰ ਫਰੰਟ ਲਾਈਨ ਵਰਕਰ
ਓਧਰ ਹਰਿਆਣਾ ਸਰਕਾਰ ਨੇ ਵੀ ਪੱਤਰਕਾਰਾਂ ਨੂੰ ਫ਼ਰੰਟ ਲਾਈਨ ਵਰਕਰਾਂ ਦੀ ਸੂਚੀ ‘ਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਸੂਬੇ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸਦਾ ਐਲਾਨ ਕੀਤਾ। ਵਿਜ ਨੇ ਕਿਹਾ ਕਿ ਪੱਤਰਕਾਰਾਂ ਨੂੰ ਪਹਿਲ ਦੇ ਅਧਾਰ ‘ਤੇ ਨਾ ਸਿਰਫ਼ ਵੈਕਸੀਨ ਲੱਗੇਗੀ, ਬਲਕਿ ਦੂਜੀਆਂ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ।